Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

1984 ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਮੁੱਦੇ 'ਤੇ ਵਿਧਾਨ ਸਭਾ ਵਿਚ ਹੰਗਾਮਾ

Posted on November 1st, 2013


ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਵਿਚ ਇਜਲਾਸ ਸ਼ੁਰੂ ਹੁੰਦੇ ਸਾਰ ਉਸ ਸਮੇਂ ਸੰਨਾਟਾ ਛਾ ਗਿਆ ਜਦੋਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ 1984 ਦੇ ਸਿੱਖ ਕਤਲੇਆਮ ਵਿਚ ਸ਼ਹੀਦ ਹੋਣ ਵਾਲੇ ਹਜ਼ਾਰਾਂ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਮਾਮਲਾ ਉਠਾਉਣਾ ਚਾਹਿਆ। ਜਿਵੇਂ ਹੀ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਹੁਣ ਸੁਆਲਾਂ-ਜੁਆਬਾਂ ਦਾ ਸਮਾਂ ਸ਼ੁਰੂ ਹੋਏਗਾ ਤਾਂ ਸ. ਬਾਦਲ ਨੇ ਇਹ ਸੁਝਾਓ ਪੇਸ਼ ਕਰ ਦਿੱਤਾ ਕਿ 1984 ਵਿਚ ਅੱਜ ਦੇ ਦਿਨ ਹੀ ਪਹਿਲੀ ਨਵੰਬਰ ਨੂੰ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ 25 ਹਜ਼ਾਰ ਬੇਕਸੂਰ ਸਿੱਖਾਂ ਤੇ ਪੰਜਾਬੀਆਂ ਨੂੰ ਕਤਲ ਕਰ ਦਿੱਤਾ ਗਿਆ ਸੀ। ਲਿਹਾਜ਼ਾ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਾਰੇ ਸਦਨ ਨੂੰ 2 ਮਿੰਟ ਲਈ ਖਾਮੋਸ਼ ਖੜ੍ਹੇ ਹੋ ਜਾਣਾ ਚਾਹੀਦਾ ਹੈ। 

ਇਸ 'ਤੇ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਜਿਹੜੇ ਲੋਕ ਅੱਤਵਾਦੀਆਂ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਾਏ। ਸ. ਬਾਦਲ ਤੁਰੰਤ ਇਸ ਲਈ ਸਹਿਮਤ ਹੋ ਗਏ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਕਿਉਂਕਿ ਪਹਿਲੀ ਨਵੰਬਰ 1984 ਨੂੰ ਸਿੱਖ ਕਤਲੇਆਮ ਵਰਗਾ ਸ਼ਰਮਨਾਕ ਕਾਂਡ ਹੋਇਆ ਸੀ, ਇਸ ਲਈ ਅੱਜ ਸ਼ਹੀਦ ਸਿੱਖਾਂ ਨੂੰ ਹੀ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ। ਇਸ 'ਤੇ ਸਦਨ ਵਿਚ ਹੰਗਾਮਾ ਹੋ ਗਿਆ ਅਤੇ ਕਾਂਗਰਸੀ ਮੈਂਬਰ ਆਪਣੀ ਮੰਗ ਦੇ ਹੱਕ ਵਿਚ ਡਟੇ ਰਹੇ। ਇਕ ਮੌਕੇ ਡਾ. ਅਟਵਾਲ ਨੇ ਕਿਹਾ ਕਿ ਲਗਦਾ ਹੈ ਕਿ ਕਾਂਗਰਸ ਦੀ ਨੀਅਤ ਇਸ ਮਾਮਲੇ 'ਤੇ ਸਾਫ਼ ਨਹੀਂ ਹੈ। ਕਾਂਗਰਸੀ ਗ਼ਲਤ ਰਾਹ ਅਪਣਾ ਰਹੇ ਹਨ। ਸ਼ੋਰ ਸ਼ਰਾਬੇ ਵਿਚ ਇਹ ਮਾਮਲਾ ਦਬ ਕੇ ਰਹਿ ਗਿਆ। ਸ਼ੋਰ ਸ਼ਰਾਬੇ ਕਾਰਨ ਸਪੀਕਰ ਨੇ 15 ਮਿੰਟ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਇਕ ਹੋਰ ਮੌਕੇ 'ਤੇ ਤਾਂ ਸਪੀਕਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਾਂਗਰਸੀ ਮੈਂਬਰ ਸਦਨ ਦਾ ਸਮਾਂ ਬਰਬਾਦ ਕਰ ਰਹੇ ਹਨ। 

ਇਕ ਮੌਕੇ 'ਤੇ ਅਕਾਲੀ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਨੇ ਕੈਨੇਡਾ ਦੀ ਕਿਊਬਿਕ ਸਰਕਾਰ ਵੱਲੋਂ ਸਿੱਖਾਂ ਨਾਲ ਵਿਤਕਰਾ ਕਰਨ ਬਾਰੇ ਮਤਾ ਪੇਸ਼ ਕਰਨਾ ਚਾਹਿਆ, ਜਿਸ ਦਾ ਕਾਂਗਰਸੀ ਮੈਂਬਰਾਂ ਨੇ ਵਿਰੋਧ ਤਾਂ ਨਹੀਂ ਕੀਤਾ ਪਰ ਉਨ੍ਹਾਂ ਕਿਹਾ ਕਿ ਗੁਜਰਾਤ ਸਰਕਾਰ ਵੱਲੋਂ ਉਥੋਂ ਦੇ ਪੰਜਾਬੀ ਕਿਸਾਨਾਂ ਨੂੰ ਉਜਾੜਨ ਦਾ ਜੋ ਤਰੀਕਾ ਅਪਣਾਇਆ ਗਿਆ ਹੈ, ਉਧਰ ਤਾਂ ਧਿਆਨ ਨਹੀਂ ਦਿੱਤਾ ਜਾ ਰਿਹਾ, ਪਰ ਕਿਊਬਿਕ ਰਾਜ ਜੋ ਇੱਥੋਂ ਕਈ ਹਜ਼ਾਰ ਕਿਲੋਮੀਟਰ ਦੂਰ ਹੈ, ਨਾਲ ਸਬੰਧਤ ਮਾਮਲੇ ਦਾ ਜ਼ਿਕਰ ਕੀਤਾ ਜਾ ਰਿਹਾ ਹੈ । ਇਹ ਕਿੱਥੋਂ ਦਾ ਇਨਸਾਫ ਹੈ, ਜਦ ਕਾਂਗਰਸੀਆਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਵਾਕਆਊਟ ਕਰ ਗਏ। ਇਸ 'ਤੇ ਡਾ. ਚੀਮਾ ਨੇ ਗੈਰ ਸਰਕਾਰੀ ਮਤਾ ਸਪੀਕਰ ਦੀ ਇਜਾਜ਼ਤ ਨਾਲ ਪੇਸ਼ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਹੈ ਕਿ 'ਇਹ ਸਦਨ ਪੰਜਾਬ ਸਰਕਾਰ ਨੂੰ ਪੁਰਜ਼ੋਰ ਸ਼ਿਫਾਰਿਸ਼ ਕਰਦਾ ਹੈ ਕਿ ਉਹ ਕੈਨੇਡਾ ਦੇ ਕਿਊਬਿਕ ਸੂਬੇ ਵਿਚ ਉਥੋਂ ਦੀ ਰਾਜ ਸਰਕਾਰ ਵੱਲੋਂ ਸਰਕਾਰੀ ਨੌਕਰੀ ਦੌਰਾਨ ਵੱਖ-ਵੱਖ ਧਰਮਾਂ ਨਾਲ ਸਬੰਧਤ ਲੋਕਾਂ ਨੂੰ ਆਪਣੇ ਧਾਰਮਿਕ ਚਿੰਨ੍ਹ ਪਹਿਨਣ 'ਤੇ ਪਾਬੰਦੀ ਲਗਾਉਣ ਬਾਰੇ ਪ੍ਰਸਤਾਵਿਤ ਕਾਨੂੰਨ ਨਾਲ ਸਬੰਧਤ ਢੁੱਕਵੇਂ ਪੱਧਰ 'ਤੇ ਇਸ ਦੇ ਵਿਰੁੱਧ ਆਵਾਜ਼ ਉਠਾਉਣ ਲਈ ਭਾਰਤ ਸਰਕਾਰ 'ਤੇ ਜ਼ੋਰ ਪਾਏ।' 

ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਡਾ. ਚੀਮਾ ਦੇ ਇਸ ਗੈਰ ਸਰਕਾਰੀ ਮਤੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕਿਊਬਿਕ ਸਰਕਾਰ ਦਾ ਇਹ ਕਾਨੂੰਨ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲ ਦੇ ਅਧਾਰ 'ਤੇ ਕੈਨੇਡਾ ਸਰਕਾਰ ਨਾਲ ਇਹ ਮਾਮਲਾ ਉਠਾਏ। ਇਸ ਦੇ ਤੁਰੰਤ ਬਾਅਦ ਸਨਅਤ ਮੰਤਰੀ ਮਦਨ ਮੋਹਨ ਮਿੱਤਲ ਨੇ ਇਹ ਸੁਝਾਓ ਪੇਸ਼ ਕੀਤਾ ਕਿ ਪੰਜਾਬ ਵਿਚ ਅੱਤਵਾਦ ਦੇ ਦੌਰਾਨ ਸ. ਬੇਅੰਤ ਸਿੰਘ, ਬਾਬੂ ਹਿੱਤ ਅਭਿਲਾਸ਼ੀ, ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਕ ਸਾਬਕਾ ਜਥੇਦਾਰ ਨੂੰ ਵੀ ਕਤਲ ਕਰ ਦਿੱਤਾ ਗਿਆ। ਇਹੋ ਜਿਹੇ ਵਿਅਕਤੀਆਂ ਅਤੇ ਹੋਰ ਲੋਕਾਂ ਨੂੰ ਵੀ ਸਦਨ ਵਿਚ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ। ਸਪੀਕਰ ਅਟਵਾਲ ਨੇ ਕਿਹਾ ਕਿ ਡਾ. ਚੀਮਾ ਦਾ ਮਤਾ ਪਾਸ ਹੋ ਗਿਆ ਸਮਝਿਆ ਜਾਏ।



Archive

RECENT STORIES