Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

10 ਲੱਖ ਦਸਤਖਤਾਂ ਵਾਲੀ ਪਟੀਸ਼ਨ ਸੰਯੁਕਤ ਰਾਸ਼ਟਰ ਨੂੰ ਸੌਂਪ ਕੇ ਸਿੱਖਾਂ ਨੇ ਇਨਸਾਫ ਮੰਗਿਆ

Posted on November 1st, 2013



ਜਨੇਵਾ (ਚੜ੍ਹਦੀ ਕਲਾ ਬਿਊਰੋ)- ਨਵੰਬਰ 1984 ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਸਰਕਾਰੀ ਸ਼ਹਿ ਹੇਠ, ਯੋਜਨਾਬੱਧ ਤਰੀਕੇ ਨਾਲ ਮਾਰੇ ਗਏ ਹਜ਼ਾਰਾਂ ਸਿੱਖਾਂ ਦੇ ਕਤਲਾਂ, ਸਿੱਖ ਔਰਤਾਂ ਦੇ ਬਲਾਤਕਾਰਾਂ ਅਤੇ ਲੁੱਟਾਂ-ਖੋਹਾਂ ਦਾ ਭਾਰਤੀ ਅਦਾਲਤਾਂ ਤੋਂ 29 ਸਾਲ ਇਨਸਾਫ ਨਾ ਮਿਲਣ ਤੋਂ ਬਾਅਦ ਆਖਰ ਸਿੱਖਾਂ ਨੇ ਸੰਯੁਕਤ ਰਾਸ਼ਟਰ ਦੇ ਦਰ 'ਤੇ ਇਨਸਾਫ ਲਈ ਅਲਖ ਜਗਾਈ ਹੈ। 1 ਨਵੰਬਰ ਦੇ ਦਿਨ ਜਨੇਵਾ ਵਿਖੇ 'ਸਿੱਖਸ ਫਾਰ ਜਸਟਿਸ' ਦੇ ਕਾਰਕੁੰਨਾਂ ਨੇ 10 ਹਜ਼ਾਰ ਤੋਂ ਵੱਧ ਸਿੱਖਾਂ ਦੇ ਇਕੱਠ ਦਰਮਿਆਨ ਸੰਯੁਕਤ ਰਾਸ਼ਟਰ ਦੇ ਨੁਮਾਇੰਦਿਆਂ ਨੂੰ ਇਹ ਪਟੀਸ਼ਨਾਂ ਸੌਂਪੀਆਂ। ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਸਿੱਖ ਯੂਰਪ, ਨਾਰਥ ਅਮਰੀਕਾ, ਭਾਰਤ, ਹਾਂਗਕਾਂਗ, ਅਸਟਰੇਲੀਆ ਅਤੇ ਹੋਰ ਕਈ ਮੁਲਕਾਂ ਤੋਂ ਪਹੁੰਚੇ ਹੋਏ ਸਨ। 

ਪਟੀਸ਼ਨ ਸੌਂਪਣ ਉਪਰੰਤ 'ਸਿੱਖਸ ਫਾਰ ਜਸਟਿਸ' ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਅੰਤਰਰਾਸ਼ਟਰੀ ਮੀਡੀਏ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਭਾਰਤ ਵਿੱਚੋਂ ਇਨਸਾਫ ਨਹੀਂ ਮਿਲਿਆ, ਇਸ ਲਈ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ। ਸੰਯੁਕਤ ਰਾਸ਼ਟਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਤੌਰ 'ਤੇ ਨਵੰਬਰ 1984 ਦੇ ਕਤਲੇਆਮ ਦੀ ਜਾਂਚ ਕਰਾਏ ਅਤੇ ਸੰਸਾਰ ਨੂੰ ਦੱਸੇ ਕਿ ਸੱਚ ਕੀ ਹੈ। ਭਾਰਤ ਸਰਕਾਰ ਵਲੋਂ ਬਿਠਾਏ ਗਏ ਜਾਂਚ ਕਮਿਸ਼ਨਾਂ ਦੀਆਂ ਰਿਪੋਰਟਾਂ ਹੀ ਦੱਸਦੀਆਂ ਹਨ ਕਿ ਇਹ ਕਤਲੇਆਮ ਪੂਰੀ ਤਰਾਂ ਯੋਜਨਾਬੱਧ ਸਨ ਪਰ ਫਿਰ ਵੀ ਭਾਰਤ ਸਰਕਾਰ ਵਲੋਂ ਹਾਲੇ ਤੱਕ ਅੰਤਰਰਾਸ਼ਟਰੀ ਪੱਧਰ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਭਾਰਤ ਵੜ ਕੇ ਜਾਂਚ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਕਿਉਂਕਿ ਉਹ ਜਾਣਦੇ ਹਨ ਕਿ ਭਾਰਤੀ ਲੀਡਰਾਂ ਦੇ ਪਿਛਵਾੜੇ ਸਿੱਖਾਂ ਦੇ ਪਿੰਜਰ ਪਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਇਹ ਪਟੀਸ਼ਨ ਹਾਸਲ ਕਰ ਲਈ ਹੈ ਅਤੇ ਇਸ ਸਬੰਧੀ ਜਾਂਚ ਕਦੋਂ ਕਰਨੀ ਹੈ, ਇਹ ਫੈਸਲਾ ਅਗਲੇ ਸਾਲ ਲਿਆ ਜਾਵੇਗਾ। 

ਗੁਰਪਤਵੰਤ ਸਿੰਘ ਪੰਨੂੰ ਦੇ ਨਾਲ ਇਸ ਮੌਕੇ ਕੈਨੇਡੀਅਨ ਜੰਮਪਲ ਨੌਜਵਾਨ ਜਤਿੰਦਰ ਸਿੰਘ ਗਰੇਵਾਲ ਅਤੇ ਵੈਨਕੂਵਰ ਦੇ ਲੰਗਾਰਾ ਕਾਲਜ ਦੀ ਪ੍ਰੋਫੈਸਰ ਇੰਦਰਾਪ੍ਰਸਥ ਵੀ ਹਾਜ਼ਰ ਸਨ, ਜਿਨ੍ਹਾਂ ਨੇ ਸਿੱਖ ਨਸਲਕੁਸ਼ੀ ਸਬੰਧੀ ਅੰਤਰਰਾਸ਼ਟਰੀ ਮੀਡੀਏ ਦੇ ਸਵਾਲਾਂ ਦੇ ਜਵਾਬ ਬਹੁਤ ਹੀ ਤਸੱਲੀਬਖਸ਼ ਤਰੀਕੇ ਨਾਲ ਵਿਸਥਾਰ ਵਿੱਚ ਦਿੱਤੇ।



Archive

RECENT STORIES