Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੋਦੀ ਤੇ ਡਾ. ਮਨਮੋਹਨ ਸਿੰਘ ਵਿੱਚ ਕੋਈ ਫ਼ਰਕ ਨਹੀਂ: ਅਰੁੰਧਤੀ ਰਾਏ

Posted on November 2nd, 2013


ਜਲੰਧਰ- ਬੁੱਕਰਜ਼ ਇਨਾਮ ਜੇਤੂ ਨਾਮਵਰ ਲੇਖਿਕਾ ਅਰੁੰਧਤੀ ਰਾਏ ਨੇ ਕਿਹਾ ਕਿ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਐਲਾਨੇ ਉਮੀਦਵਾਰ ਨਰਿੰਦਰ ਮੋਦੀ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿੱਚ ਕੋਈ ਫਰਕ ਨਹੀਂ। ਉਨ੍ਹਾਂ ਕਿਹਾ ਕਿ ਦੋਵਾਂ ਦੀਆਂ ਨੀਤੀਆਂ ਇਕੋ ਜਿਹੀਆਂ ਹੀ ਹਨ। ਅਰੁੰਧਤੀ ਰਾਏ ਇੱਥੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗ਼ਦਰੀ ਬਾਬਿਆਂ ਦੇ ਮੇਲੇ ’ਚ ਸ਼ਾਮਲ ਹੋਣ ਆਈ ਹੋਈ ਸੀ।

ਲੇਖਿਕਾ ਨੇ ਕਿਹਾ ਕਿ ਮੋਦੀ ਪਿੱਛੇ ਵੱਡੇ-ਵੱਡੇ ਸਨਅਤਕਾਰ ਘੁੰਮ ਰਹੇ ਹਨ। ਇਹ ਸਨਅਤਕਾਰ, ਅਜਿਹੇ ਆਗੂ ਦੀ ਭਾਲ ਕਰ ਰਹੇ ਹਨ ਜਿਹੜਾ ਉਨ੍ਹਾਂ ਦੀਆਂ ਹੀ ਨੀਤੀਆਂ ਲਾਗੂ ਕਰ ਸਕੇ ਤੇ ਅਜਿਹਾ ਆਗੂ ਉਨ੍ਹਾਂ ਨੂੰ ਮੋਦੀ ਵਿੱਚੋਂ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ  ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਵਿੱਤ ਮੰਤਰੀ ਹੁੰਦਿਆਂ ‘ਬਾਜ਼ਾਰ’ ਦੇ ਤਾਲੇ ਖੋਲ੍ਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਖੋਲ੍ਹੇ ਗਏ ਦੋ ਤਾਲਿਆਂ ਨੇ ਦੇਸ਼ ਦੀ ਤਕਦੀਰ ਤੇ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ 1986 ਵਿੱਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਰਾਮ ਜਨਮ ਭੂਮੀ ਦਾ ਤਾਲਾ ਖੋਲ੍ਹਿਆ ਸੀ ਤੇ 90ਵਿਆਂ ਵਿੱਚ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਨੇ ‘ਬਾਜ਼ਾਰ’ ਦਾ ਤਾਲਾ ਖੋਲ੍ਹ ਕੇ ਉਦਾਰਵਾਦੀ ਨੀਤੀਆਂ ਲਾਗੂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਜੋ ਵਿਕਾਸ ਦਾ ਮਾਡਲ ਪੇਸ਼ ਕੀਤਾ ਜਾ ਰਿਹਾ ਹੈ ਉਸ ਨਾਲ ਸਰਮਾਏਦਾਰੀ ਮਜ਼ਬੂਤ ਹੋ ਰਹੀ ਹੈ ਤੇ ਆਮ ਲੋਕ ਗਰੀਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਖੋਲ੍ਹੇ ਗਏ ਇਨ੍ਹਾਂ ਦੋਵੇਂ ਤਾਲਿਆਂ ਨਾਲ ਇਸਲਾਮਿਕ ਕੱਟੜਵਾਦਤਾ ਤੇ ਮਾਓਵਾਦੀ ਵਿਚਾਰਧਾਰਾ ਭਾਰੂ ਹੋਈਆਂ। ਇਸ ਕਾਰਨ ਦੇਸ਼ ਵਿੱਚ ਸਖਤੀ ਦਾ ਦੌਰ ਸ਼ੁਰੂ ਹੋਇਆ।

ਅਰੁੰਧਤੀ ਨੇ ਅੰਨਾ ਹਜ਼ਾਰੇ ਤੇ ਦਾਮਿਨੀ ਕਾਂਡ ਬਾਰੇ ਉੱਠੇ ਲੋਕਾਂ ਦੇ ਰੋਹ ਨਾਲ ਸਹਿਮਤੀ ਨਾ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਵੀ ਅਜਿਹੇ ਹਾਲਾਤ ਬਣਦੇ ਹਨ ਤਾਂ ਕੇਂਦਰ ਸਖਤ ਕਾਨੂੰਨ ਬਣਾ ਕੇ ਤਾਕਤਾਂ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦਾ ਹੈ ਜਿਨ੍ਹਾਂ ਦਾ ਬਾਅਦ ਵਿਚ ਦੁਰਉਪਯੋਗ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪੀ. ਚਿਦੰਬਰਮ ਦਾ ਇਹ ਕਹਿਣਾ ਕਿ 70 ਫੀਸਦੀ ਲੋਕ ਸ਼ਹਿਰਾਂ ਵਿੱਚ ਆ ਜਾਣ, ਕਿੰਨਾ ਹਾਸੋਹੀਣਾ ਹੈ। ਅਰੁੰਧਤੀ ਰਾਏ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਦੇ ਸ਼ਹਿਰ ਵਿੱਚ ਆਉਣ ਨਾਲ ਪ੍ਰਸ਼ਾਸਨ ਨੂੰ ਉਨ੍ਹਾਂ ’ਤੇ ਸਖਤੀ ਕਰਨੀ ਸੌਖੀ ਹੋ ਜਾਵੇਗੀ ਤੇ ਹਰ ਕੋਈ ਸੁਰੱਖਿਆ ਦੀ ਲੋੜ ਮਹਿਸੂਸ ਕਰੇਗਾ ਤੇ ਇਸੇ ਆੜ ਵਿੱਚ ਦੇਸ਼ ਨੂੰ ਪੁਲੀਸ ਸਟੇਟ ਵੱਲ ਧੱਕਿਆ ਜਾ ਰਿਹਾ ਹੈ।



Archive

RECENT STORIES