Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਦਲ ਨਾਲ ਬੈਠ ਕੇ ਪੰਜਾਬ ਨਾਲ ਜੁੜੇ ਮਸਲਿਆਂ ਤੇ ਮੁੱਦਿਆਂ ‘ਤੇ ਘੰਟਿਆਂ ਬੱਧੀ ਚਰਚਾ ਕਰਦੇ ਸਨ ਕੇ ਪੀ ਐਸ ਗਿੱਲ

Posted on November 7th, 2013


ਜਲੰਧਰ- ਪੰਜਾਬ ਪੁਲਸ ਦੇ ਸਾਬਕਾ ਡਾਇਰੈਕਟਰ ਜਨਰਲ ਕੇ ਪੀ ਐਸ ਗਿੱਲ ਨੇ ਕਿਹਾ ਹੈ ਕਿ ਖਾੜਕੂਵਾਦ ਦੇ ਖਾਤਮੇ ਤੋਂ ਬਾਅਦ ਉਸ ਸਮੇਂ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਉਸ ਨੂੰ ਇੱਕ ਨੋਟ ਭੇਜ ਕੇ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਵਾਪਸ ਲੈ ਲਈ ਜਾਵੇ।

ਰਾਹੁਲ ਚੰਦਨ ਵੱਲੋਂ ਲਿਖੀ ਕਿਤਾਬ ‘ਕੇ ਪੀ ਐਸ ਗਿੱਲ-ਦਿ ਪੈਰਾਮਾਊਂਟ ਕਾਪ’ ਵਿੱਚ ਗਿੱਲ ਨੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਅਸਲ ‘ਚ ਬੇਅੰਤ ਸਿੰਘ ਦੀਆਂ ਨਜ਼ਰਾਂ ਆਉਣ ਵਾਲੀਆਂ ਚੋਣਾਂ ‘ਤੇ ਟਿਕੀਆਂ ਹੋਈਆਂ ਸਨ ਤੇ ਉਹ ਬਾਦਲ ਦਾ ਪ੍ਰਭਾਵ ਖਤਮ ਕਰਨਾ ਚਾਹੰੁਦੇ ਸਨ। ਜਦ ਫਾਈਲ ਗਿੱਲ ਕੋਲ ਪਹੁੰਚੀ ਤਾਂ ਉਨ੍ਹਾਂ ਉਸ ‘ਤੇ ਲਿਖਿਆ ਕਿ ਉਹ ਅਜਿਹਾ ਨਹੀਂ ਕਰ ਸਕਦੇ, ਕਿਉਂਕਿ ਬਾਦਲ ਸਿੱਖਾਂ ਦੇ ਪ੍ਰਮੁੱਖ ਨੇਤਾ ਹਨ ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਖਤਰਾ ਹੈ। ਬਾਅਦ ‘ਚ ਗਿੱਲ ਨੇ ਬੇਅੰਤ ਸਿੰਘ ਨੂੰ ਕਿਹਾ ਕਿ ਉਹ ਸਿਆਸਤਦਾਨ ਹਨ ਤੇ ਇਸ ਨਜ਼ਰੀਏ ਨਾਲ ਸੋਚ ਸਕਦੇ ਹਨ, ਪਰ ਉਹ ਪੁਲਸ ਅਧਿਕਾਰੀ ਹੈ, ਇਸ ਲਈ ਸਿਆਸਤਦਾਨਾਂ ਵਾਂਗ ਫੈਸਲੇ ਨਹੀਂ ਲੈ ਸਕਦੇ। ਗਿੱਲ ਨੇ ਬਾਦਲ ਬਾਰੇ ਲਿਖਿਆ ਹੈ ਕਿ ਉਨ੍ਹਾਂ ‘ਚ ਕੁਝ ਵਿਸ਼ੇਸ਼ ਗੁਣ ਹਨ, ਜਿਨ੍ਹਾਂ ਕਾਰਨ ਉਹ ਲੋਕਾਂ, ਅਧਿਕਾਰੀਆਂ ਅਤੇ ਸਿਆਸਤਦਾਨਾਂ ‘ਚ ਮਸ਼ਹੂਰ ਰਹਿੰਦੇ ਹਨ। ਡੀ ਜੀ ਪੀ ਅਹੁਦੇ ‘ਤੇ ਰਹਿੰਦੇ ਸਮੇਂ ਗਿੱਲ ਨਾਲ ਇੱਕ ਸਿਆਸਤਦਾਨ ਵੱਲੋਂ ਲਗਾਤਾਰ ਬੈਠਕ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਨਾਲ ਭੋਜਨ ਵੀ ਕੀਤਾ ਜਾਂਦਾ ਸੀ, ਕਿਉਂਕਿ ਉਸ ਸਿਆਸਤਦਾਨ ਦਾ ਘਰ ਗਿੱਲ ਦੇ ਪਿਤਾ ਦੀ ਸੈਕਟਰ-9 ‘ਚ ਸਥਿਤ ਕੋਠੀ ਦੇ ਨਾਲ ਸੀ। ਇਹ ਸਿਆਸਤਦਾਨ ਕੋਈ ਹੋਰ ਨਹੀਂ, ਸਗੋਂ ਖੁਦ ਬਾਦਲ ਸਨ।

ਗਿੱਲ ਨੇ ਕਿਹਾ ਕਿ ਜਦ ਉਹ ਆਪਣੇ ਪਿਤਾ ਦੀ ਕੋਠੀ ਜਾਂਦੇ ਸਨ ਤਾਂ ਬਾਦਲ ਨਾਲ ਬੈਠ ਕੇ ਪੰਜਾਬ ਨਾਲ ਜੁੜੇ ਮਸਲਿਆਂ ਤੇ ਮੁੱਦਿਆਂ ‘ਤੇ ਘੰਟਿਆਂ ਬੱਧੀ ਚਰਚਾ ਕਰਦੇ ਸਨ। ਉਨ੍ਹਾਂ ਕਿਹਾ ਕਿ ਬਾਦਲ ਇੱਕ ਚੰਗੇ ਬੁਲਾਰੇ ਹਨ, ਜੋ ਲੋਕਾਂ ਵਿਚਾਲੇ ਦਿਹਾਤੀ ਖੇਤਰਾਂ ਤੇ ਉਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਂਦੇ ਸਨ। ਬਾਦਲ ‘ਚ ਇੱਕ ਗੁਣ ਇਹ ਵੀ ਹੈ ਕਿ ਉਹ ਦੂਜਿਆਂ ਦੀ ਨਿੰਦਾ ਨਹੀਂ ਕਰਦੇ। ਉਨ੍ਹਾਂ ਦਾ ਦਿਮਾਗ ਬਹੁਤ ਤੇਜ਼ ਹੈ ਅਤੇ ਵਰ੍ਹਿਆਂ ਬਾਅਦ ਵੀ ਉਹ ਲੋਕਾਂ ਨੂੰ ਦੱਸ ਦਿੰਦੇ ਹਨ ਕਿ ਪਿਛਲੀ ਵਾਰ ਉਨ੍ਹਾਂ ਕੀ ਕਿਹਾ ਸੀ।

ਕਿਤਾਬ ‘ਚ ਗਿੱਲ ਨੂੰ ਲੈ ਕੇ ਕਾਂਗਰਸੀ ਨੇਤਾ ਸੁਰਿੰਦਰ ਸਿੰਗਲਾ ਅਤੇ ਹੋਰ ਨੇਤਾਵਾਂ ਵੱਲੋਂ ਗਿੱਲ ਨੂੰ ਕਾਂਗਰਸ ‘ਚ ਦਿੱਤੇ ਗਏ ਪ੍ਰਸਤਾਵ ਬਾਰੇ ਵੀ ਲਿਖਿਆ ਗਿਆ ਹੈ। ਗਿੱਲ ਨੇ ਕਿਹਾ ਕਿ ਸਿੰਗਲਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਆਪਣਾ ਨੇਤਾ ਚੁਣਨ ਲਈ ਤਿਆਰ ਹਨ, ਕਿਉਂਕਿ ਉਹ ਬਹੁਤ ਮਸ਼ਹੂਰ ਹਨ ਤੇ ਸੂਬੇ ਦੇ ਮੁੱਖ ਮੰਤਰੀ ਬਣ ਸਕਦੇ ਹਨ। ਗਿੱਲ ਨੇ ਇਹ ਪ੍ਰਸਤਾਵ ਠੁਕਰਾਉਂਦੇ ਹੋਏ ਕਿਹਾ ਸੀ ਕਿ ਉਹ ਪੁਲਸ ਅਧਿਕਾਰੀ ਹਨ ਅਤੇ ਇਸੇ ਅਹੁਦੇ ‘ਤੇ ਹੀ ਰਿਟਾਇਰ ਹੋਣਾ ਚਾਹੁੰਦੇ ਹਨ। ਗਿੱਲ ਨੇ ਕਾਂਗਰਸੀ ਨੇਤਾਵਾਂ ਨੂੰ ਕਿਹਾ ਸੀ ਕਿ ਮੁੱਖ ਮੰਤਰੀ ਬੇਅੰਤ ਸਿੰਘ ਬਹੁਤ ਕਾਬਲ ਵਿਅਕਤੀ ਹਨ ਅਤੇ ਪੰਜਾਬ ਨੂੰ ਅੱਗੇ ਲਿਜਾ ਰਹੇ ਹਨ। ਉਹ ਚਾਹੁੰਦੇ ਸਨ ਕਿ ਬੇਅੰਤ ਸਿੰਘ ਅੱਗੇ ਵੀ ਇਸੇ ਤਰ੍ਹਾਂ ਕੰਮ ਕਰਦੇ ਰਹਿਣ। ਖਾੜਕੂਵਾਦ ਖਤਮ ਹੋ ਚੁੱਕਾ ਸੀ, ਪਰ ਇਸ ਦੌਰਾਨ 31 ਅਗਸਤ 1995 ਨੂੰ ਬੇਅੰਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ। ਗਿੱਲ ਨੇ ਲਿਖਿਆ ਹੈ ਕਿ ਬੇਅੰਤ ਸਿੰਘ ਉਨ੍ਹਾਂ ਦੇ ਬਹੁਤ ਪੱਕੇ ਦੋਸਤ ਸਨ, ਜਿਸ ਦਿਨ ਬੇਅੰਤ ਸਿੰਘ ਦੀ ਹੱਤਿਆ ਹੋਈ, ਉਸ ਦਿਨ ਨੂੰ ਉਹ ਆਪਣੀ ਜ਼ਿੰਦਗੀ ਦਾ ਕਾਲਾ ਦਿਨ ਮੰਨਦੇ ਹਨ। ਬੇਅੰਤ ਸਿੰਘ ਪੰਜਾਬ ਦੇ ਇੱਕ ਬਹਾਦਰ ਸਪੂਤ ਸਨ।



Archive

RECENT STORIES