Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਯਾਦਾਂ ਸਿੱਖ ਸੰਘਰਸ਼ ਦੀਆਂ............ ਜਦੋਂ ਭਾਈ ਮੱਖਣ ਸਿੰਘ ਦੀ ਲੱਤ ਵਿੱਚੋਂ ਗਰਮ ਸਰੀਆ ਲੰਘਾ ਦਿੱਤਾ ਗਿਆ

Posted on November 11th, 2013



- ਲਵਸ਼ਿੰਦਰ ਸਿੰਘ ਡੱਲੇਵਾਲ 

ਪੁਰਾਤਨ ਸਮੇਂ ਵਿੱਚ ਮੁਗਲੀਆ ਹਕੂਮਤਾਂ ਨੇ ਸਿੰਘਾ ਦੇ ਬੰਦ ਬੰਦ ਕੱਟੇ, ਚਰਖੜੀਆਂ ਤੇ ਚਾੜੇ, ਖੋਪਰੀਆਂ ਲਾਹੀਆਂ ਅਤੇ ਬੱਚੇ ਦੇ ਟੋਟੇ ਟੋਟੇ ਕਰਕੇ ਸ਼ਹੀਦ ਕੀਤੇ। ਇਹ ਜ਼ੁਲਮ ਅਖੌਤੀ ਅਜ਼ਾਦ ਭਾਰਤ ਵਿੱਚ ਸਿੱਖਾਂ 'ਤੇ ਨਿਰੰਤਰ ਜਾਰੀ ਹੈ ਭਾਵੇਂ ਕਿ ਇਹ ਜ਼ੁਲਮ ਕਰਨ ਵਾਲਿਆਂ ਦੇ ਹੱਥ ਵਿੱਚ ਤਾਕਤ ਸਿੱਖਾਂ ਦੀਆਂ 93 ਫੀਸਦੀ ਤੋਂ ਵੱਧ ਕੁਰਬਾਨੀਆਂ ਨਾਲ ਹੀ ਆਈ ਹੈ। ਸਿਆਸੀ ਅਕ੍ਰਿਤਘਣਤਾ ਨੂੰ ਅੱਖੀ ਦੇਖ ਕੇ ਹੀ ਸ਼ਾਇਦ ਇੱਕ ਪੱਛਮੀ ਫਿਲਾਸਫਰ ਨੇ ਕਥਨ ਕੀਤਾ ਹੈ, "ਕਿੰਗ ਮਸਟ ਕਿੱਲ ਦਾ ਕਿੰਗ ਮੇਕਰ" ਭਾਵ ਕਿ ਰਾਜਾ ਉਸ ਨੂੰ ਤਖਤ ਤੇ ਬਿਰਾਜਮਾਨ ਕਰਨ ਵਾਲੇ ਨੂੰ ਜ਼ਰੂਰ ਮਾਰਦਾ ਹੈ। 

ਅਜਿਹਾ ਹੀ ਜ਼ੁਲਮ ਅਜੋਕੇ ਭਾਰਤ ਵਿੱਚ ਸਿੱਖਾਂ 'ਤੇ ਢਾਈ ਦਹਾਕੇ ਪਹਿਲਾਂ ਹੋਇਆ, ਜਿਸ ਨੂੰ ਲੱਖਾਂ ਸਿੱਖਾਂ ਨੇ ਦੇਖਿਆ ਤੇ ਕੰਨੀਂ ਸੁਣਿਆ ਬਲਕਿ ਹੱਡੀਂ ਹੰਢਾਇਆ ਹੈ। ਇਸ ਦੀ ਹੀ ਇੱਕ ਦਾਸਤਾਨ ਹੈ ਜਲੰਧਰ ਜਿਲ੍ਹੇ ਦੇ ਪਿੰਡ ਪੁਆਦੜਾ ਦਾ ਵਸਨੀਕ ਭਾਈ ਮੱਖਣ ਸਿੰਘ, ਜੋ ਆਪਣੇ ਕਾਲਜ ਦੇ ਸਮੇਂ ਕਬੱਡੀ ਅਤੇ ਵਾਲੀਬਾਲ ਵਧੀਆ ਖਿਡਾਰੀ ਸੀ। ਜਦੋਂ ਜੂਨ 1984 ਨੂੰ ਸਿੱਖ ਤਵਾਰੀਖ ਵਿੱਚ ਤੀਜਾ ਘੱਲੂਘਾਰਾ ਵਾਪਰਿਆ ਤਾਂ ਸਿੱਖ ਕੌਮ ਵਲੋਂ ਖਾਲਿਸਤਾਨ ਦੀ ਐਲਾਨੀਆ ਜੰਗ ਸ਼ੁਰੂ ਕਰ ਦਿੱਤੀ ਗਈ। ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਸਨ ਕਿ ਅਗਰ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਪੁਲਿਸ ਜਾਂ ਫੌਜ ਭੇਜਣ ਦੀ ਗਲਤੀ ਕੀਤੀ ਤਾਂ ਖਾਲਿਸਤਾਨ ਦੀ ਨੀਂਹ ਜਰੂਰ ਰੱਖੀ ਜਾਏਗੀ। ਪੰਜਾਬ ਦੇ ਲੋਕ ਖਾੜਕੂ ਸਿੰਘਾਂ ਨੂੰ ਹਰ ਤਰਾਂ ਦੀ ਇਮਦਾਦ ਦੇ ਰਹੇ ਸਨ, ਭਾਰਤ ਸਰਕਾਰ ਖਿਲਾਫ ਸਿੱਖਾਂ ਵਿੱਚ ਭਾਰੀ ਗੁੱਸਾ ਅਤੇ ਰੋਹ ਸੀ। 

ਭਾਈ ਮੱਖਣ ਸਿੰਘ ਭਾਵੇਂ ਕਾਲਜ ਦੀ ਪੜਾਈ ਖਤਮ ਕਰਕੇ ਪੁਲਿਸ ਵਿੱਚ ਭਰਤੀ ਹੋ ਗਿਆ ਪਰ ਸਿੱਖ ਕੌਮ ਨੂੰ ਅਜ਼ਾਦ ਕਰਵਾਉਣ ਲਈ ਜੂਝ ਰਹੇ ਸਿੰਘਾਂ ਪ੍ਰਤੀ ਉਸ ਦੇ ਮਨ ਵਿੱਚ ਭਾਰੀ ਸਤਿਕਾਰ ਸੀ। ਅੰਦਰਖਾਤੇ ਉਸ ਨੇ ਸਿੰਘਾਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ। ਅਖੀਰ 1988 ਵਿੱਚ ਜਲੰਧਰ ਦੇ ਐੱਸ਼ ਪੀæ ਡੀ ਦੁਸ਼ਟ ਸਵਰਨੇ ਘੋਟਣੇ ਨੂੰ ਇਸਦੀ ਭਿਣਕ ਪੈ ਗਈ। ਉਸ ਸਮੇਂ ਭਾਈ ਮੱਖਣ ਸਿੰਘ ਜਹਾਨ ਖੇਲਾ ਪੁਲਿਸ ਟਰੇਨਿੰਗ ਕੇਂਦਰ ਵਿੱਚ ਸੀ, ਜਿੱਥੋਂ ਉਸ ਨੂੰ ਗ੍ਰਿਫਤਾਰ ਕਰਨ ਲਈ ਸਵਰਨੇ ਘੋਟਣੇ ਦੇ ਜੱਲਾਦ ਪੁੱਜ ਗਏ। ਜਦੋਂ ਉਸ ਨੂੰ ਸਵਰਣੇ ਘੋਟਣੇ ਦੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰਨ ਲਈ ਪੁੱਜੀ ਤਾਂ ਪੁਲਿਸ ਟਰੇਨਿੰਗ ਕੇਂਦਰ ਵਿੱਚ ਹੋਣ ਕਰਕੇ ਇੱਕ ਡੀæ ਐੱਸ æਪੀ ਰੈਂਕ ਦੇ ਪੁਲਿਸ ਅਧਿਕਾਰੀ ਨੇ ਬਕਾਇਦਾ ਇਸ ਦੀ ਗਵਾਹੀ ਪਾ ਕੇ ਰੋਜ਼ਾਨਮਚੇ ਵਿੱਚ ਦਰਜ ਕੀਤਾ ਅਤੇ ਜੱਲਾਦਾਂ ਦੇ ਮੁਖੀ ਦੇ ਵੀ ਦਸਤਖਤ ਕਰਵਾਏ। ਸਵਰਨੇ ਘੋਟਣੇ ਨੇ ਉਸ ਨੂੰ ਇੰਟੈਰੋਗੇਟ ਕਰਨਾ ਸ਼ੁਰੂ ਕੀਤਾ। ਭਾਈ ਮੱਖਣ ਸਿੰਘ ਦੇ ਦੱਸਣ ਅਨੁਸਾਰ ਸਵਰਨੇ ਨੇ ਉਸ ਨੂੰ ਭੈਣ ਦੀ ਗਾਲ੍ਹ ਕੱਢ ਦਿੱਤੀ ਅੱਗੋਂ ਭਾਈ ਮੱਖਣ ਸਿੰਘ ਨੇ ਕਹਿ ਦਿੱਤਾ ਕਿ "ਨਾਲੇ ਤੇਰੀ ਦੀ"। 

ਇਸ ਮੋੜਵੀਂ ਗਾਲ੍ਹ ਤੋਂ ਖਫਾ ਹੋ ਕੇ ਟੇਬਲ 'ਤੇ ਪਿਆ ਪੇਪਰ ਵੇਟ ਇਸ ਸਵਨਨੇ ਘੋਟਣੇ ਨੇ ਉਸ ਦੇ ਮੂੰਹ 'ਤੇ ਮਾਰਿਆ, ਜਿਸ ਨਾਲ ਉਸ ਦੇ ਚਾਰ ਦੰਦ ਟੁੱਟ ਗਏ। ਇਸ ਨਾਲ ਦੁਸ਼ਟ ਦਾ ਕਹਿਰ ਖਤਮ ਨਾ ਹੋਇਆ, ਇਸ ਦੇ ਜੱਲਾਦਾਂ ਨੇ ਸਰੀਆ (ਲੋਹੇ ਦੀ ਰਾਡ) ਗਰਮ ਕਰਕੇ ਲਿਆਂਦਾ ਅਤੇ ਉਸ ਦੇ ਪੈਰ ਵਿੱਚੋਂ ਆਰ-ਪਾਰ ਕਰ ਦਿੱਤਾ। ਭਾਈ ਮੱਖਣ ਸਿੰਘ ਨੇ ਦੱਸਿਆ ਸੀ ਕਿ ਉਹ ਸਰੀਆ ਵੇਖਦੇ ਸਾਰ ਹੀ ਬੇਹੋਸ਼ ਹੋ ਗਿਆ ਸੀ, ਜਦੋਂ ਉਸ ਸੁਰਤ ਆਈ ਚਾਰੇ ਪਾਸੇ ਖੂਨ ਹੀ ਖੂਨ ਸੀ। 

ਉਸ ਸਮੇਂ ਟਾਡਾ ਨਾਮ ਦਾ ਕਾਲਾ ਕਨੂੰਨ ਸਿੱਖਾਂ 'ਤੇ ਲਗਾਇਆ ਜਾਂਦਾ ਸੀ, ਜਿਸ ਅਨੁਸਾਰ ਪੁਲਿਸ ਜਦੋਂ ਕਿਸੇ ਗ੍ਰਿਫਤਾਰ ਕੀਤੇ ਸਿੱਖ ਦਾ ਪੁਲਿਸ ਰਿਮਾਂਡ ਪ੍ਰਾਪਤ ਕਰਨ ਜਾਂਦੀ ਸੀ ਤਾਂ ਉਸ ਨੂੰ ਗੱਡੀ ਵਿੱਚ ਹੀ ਬੈਠਾ ਰਹਿਣ ਦਿੱਤਾ ਜਾਂਦਾ ਸੀ ਅਤੇ ਫਾਈਲ ਜੱਜ ਕੋਲ ਲਿਜਾ ਕੇ ਰਿਮਾਂਡ ਲੈ ਲਿਆ ਜਾਂਦਾ ਸੀ। ਵੈਸੇ ਇਹ ਪੁਲਿਸ ਰਿਮਾਂਡ ਇਲਾਕਾ ਮੈਜਿਸਟਰੇਟ ਕੋਲੋਂ ਪ੍ਰਾਪਤ ਕੀਤਾ ਜਾਂਦਾ ਸੀ ਪਰ ਟਾਡਾ ਨਾਲ ਪੁਲਿਸ ਨੂੰ ਇਹ ਵੀ ਅਧਿਕਾਰ ਦੇ ਦਿੱਤਾ ਗਿਆ ਸੀ ਕਿ ਉਹ ਪੁਲਿਸ ਜਾਂ ਜੁਡੀਸ਼ਅਲ ਰਿਮਾਂਡ ਸਬ ਡਵੀਜ਼ਨ ਮੈਜਿਸਟਰੇਟ ਕੋਲੋਂ ਲੈ ਸਕਦੀ ਸੀ। ਅਜਿਹਾ ਮੇਰੇ ਨਾਲ ਅਗਸਤ 1987 ਵਿੱਚ ਵਾਪਰਿਆ ਸੀ, ਜਦੋਂ ਇਸ ਤਰੀਕੇ ਇੱਕ ਰਿਮਾਂਡ ਹਾਸਲ ਕਰਕੇ ਦੂਜੀ ਵਾਰ ਹੋਰ ਰਿਮਾਂਡ ਲੈਣ ਲਈ ਨਕੋਦਰ ਦੇ ਉਸੇ ਹੀ ਐੱਸ æਡੀ æਐਮ ਕੋਲ ਲੈ ਕੇ ਗਏ ਤਾਂ ਮੈਂ ਉਸ ਨੂੰ ਸਾਰੀ ਗੱਲ ਦੱਸੀ ਕਿ ਮੈਨੂੰ 4 ਅਗਸਤ ਨੂੰ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ਕੋਲੋਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਤੇਰੇ ਕੋਲ ਦਸ ਦਿਨ ਬਾਅਦ ਇੱਕ ਨਾਕੇ ਤੋਂ ਗ੍ਰਿਫਤਾਰੀ ਦੱਸ ਕੇ ਰਿਮਾਂਡ ਲਿਆ ਗਿਆ ਹੈ,ਉਸ ਵਕਤ ਮੈਂ ਕੰਧਾ ਦਾ ਆਸਰਾ ਲੈ ਕੇ ਤੁਰ ਸਕਦਾ ਸੀ, ਪਰ ਐੱਸ਼ ਡੀæ ਐਮ ਸਰਕਾਰੀ ਮਸ਼ੀਨਰੀ ਦੇ ਖਾਸ ਪੁਰਜੇ ਹੋਇਆ ਕਰਦੇ ਹਨ, ਉਸ ਨੇ ਹਾਂ ਵਿੱਚ ਸਿਰ ਹਿਲਾ ਕੇ ਮੈਨੂੰ ਬਾਹਰ ਭਿਜਵਾ ਦਿੱਤਾ। ਮੈਂ ਸੋਚਿਆ ਕਿ ਜੁਡੀਸ਼ੀਅਲ ਰਿਮਾਂਡ ਦੇ ਕੇ ਜੇਲ੍ਹ ਭੇਜ ਦਿੱਤਾ ਹੋਵੇਗਾ ਪਰ ਜਦੋਂ ਫਾਈਲ ਲੈ ਕੇ ਗੱਡੀ ਵਿੱਚ ਬੈਠੇ ਇੰਸਪਕੈਟਰ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਚਾਰ ਦਿਨ ਦਾ ਪੁਲਿਸ ਰਿਮਾਂਡ ਹੋਰ ਮਿਲ ਗਿਆ ਹੈ। 

ਇਹ ਵਰਤਾਰਾ ਹਰ ਉਸ ਸਿੱਖ ਨਾਲ ਹੁੰਦਾ ਸੀ, ਜਿਸਨੂੰ ਪੁਲਿਸ ਇੰਨਾ ਇੰਟੈਰੋਗੇਟ (ਤਸ਼ੱਦਦ) ਕਰ ਲੈਂਦੀ ਸੀ ਕਿ ਉਹ ਆਪਣੇ ਆਪ ਤੁਰਨ ਤੋਂ ਅਸੱਮਰਥ ਹੁੰਦਾ ਸੀ। ਇਸੇ ਤਰਾਂ ਭਾਈ ਮੱਖਣ ਸਿੰਘ ਪੁਆਦੜਾ ਨਾਲ ਕੀਤਾ ਗਿਆ। ਪਹਿਲਾਂ ਸਬ ਡਵੀਜ਼ਨਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਨ ਤੋਂ ਬਿਨਾਂ ਹੀ ਪੁਲਿਸ ਰਿਮਾਂਡ ਲੈ ਲਿਆ ਅਤੇ ਰਿਮਾਂਡ ਖਤਮ ਮਗਰੋਂ ਖਤਮ ਹੋਣ ਮਗਰੋਂ ਪੁਲਿਸ ਸਿੱਧਾ ਨਾਭਾ ਜੇਲ੍ਹ ਵਿੱਚ ਚੁੱਕ ਕੇ ਛੱਡ ਆਈ, ਜਿੱਥੇ ਉਸਨੂੰ ਸਾਡੇ ਵਾਲੀ ਬੈਰਕ ਵਿੱਚ ਹੀ ਬੰਦ ਕੀਤਾ ਗਿਆ। ਭਾਈ ਮੱਖਣ ਸਿੰਘ ਨੂੰ ਚੁੱਕ ਕੇ ਦੋ ਸਿੰਘ ਇਸ਼ਨਾਨ ਕਰਵਾਇਆ ਕਰਦੇ ਸਨ ਅਤੇ ਚੁੱਕ ਕੇ ਹੀ ਗੁਰਦਵਾਰਾ ਸਾਹਿਬ ਲਿਜਾਇਆ ਜਾਂਦਾ ਸੀ। ਸਵਰਨਾ ਘੋਟਣਾ ਭਾਈ ਮੱਖਣ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਖਤਮ ਕਰਨਾ ਚਾਹੁੰਦਾ ਸੀ ਪਰ ਉਸ ਦੀ ਗ੍ਰਿਫਤਾਰੀ ਪੁਲਿਸ ਟਰੇਨਿਗ ਸੈਂਟਰ ਤੋਂ ਹੋਣ ਕਰਕੇ ਅਜਿਹਾ ਨਾ ਕਰ ਸਕਿਆ। ਸਵਰਨੇ ਘੋਟਣੇ ਦੇ ਜੱਲਾਦਾਂ ਦੇ ਤਸੀਹਿਆਂ ਨਾਲ ਉਸ ਦੀ ਹਾਲਤ ਬਹੁਤ ਹੀ ਮਾੜੀ ਹੋ ਚੁੱਕੀ ਸੀ। ਕਰੀਬ ਚਾਰ ਕੁ ਮਹੀਨਿਆਂ ਬਾਅਦ ਭਾਈ ਮੱਖਣ ਸਿੰਘ ਦੇ ਪੈਰ ਦਾ ਜ਼ਖਮ ਠੀਕ ਹੋ ਗਿਆ ਅਤੇ ਉਹ ਹੌਲੀ ਹੌਲੀ ਤੁਰਨ ਲੱਗ ਪਿਆ। ਵਾਲੀਬਾਲ ਅਤੇ ਕਬੱਡੀ ਦਾ ਵਧੀਆ ਖਿਡਾਰੀ ਜਦੋਂ ਇਸ ਤਰਾਂ ਤੁਰਦਾ ਤਾਂ ਬੈਰਕ ਦੇ ਸਾਰੇ ਸਿੰਘ ਕਿਸੇ ਅਜੀਬ ਸੋਚਣੀ ਵਿੱਚ ਪੈ ਜਾਂਦੇ ਅਤੇ ਪੁਲਿਸ, ਸਰਕਾਰ ਅਤੇ ਨਿਆਂਪਾਲਿਕਾ ਖਿਲਾਫ ਗੁੱਸੇ ਦਾ ਪ੍ਰਗਟਾਵਾ ਕਰਦੇ। 

1989 ਦੇ ਸ਼ੁਰੂ ਵਿੱਚ ਭਾਈ ਮੱਖਣ ਦੀਆਂ ਜ਼ਮਾਨਤਾਂ ਹੋ ਗਈਆਂ ਅਤੇ ਉਸ ਦੀ ਨਾਭਾ ਜੇਲ੍ਹ ਤੋਂ ਰਿਹਾਈ ਹੋ ਗਈ। ਰਿਹਾਈ ਤੋਂ ਬਾਅਦ ਜਦੋਂ ਦੁਸ਼ਟ ਘੋਟਣੇ ਨੂੰ ਪਤਾ ਲੱਗਾ ਕਿ ਤਾਂ ਉਸਨੇ ਆਪਣੇ ਜੱਲਾਦ ਉਸ ਦੀ ਭਾਲ ਵਿੱਚ ਲਗਾ ਦਿੱਤੇ। ਮਾਉ ਸਾਹਿਬ ਦੇ ਸਾਲਾਨਾ ਜੋੜ ਮੇਲੇ 'ਤੇ ਭਾਈ ਮੱਖਣ ਸਿੰਘ ਜੋੜਿਆਂ ਦੀ ਸੇਵਾ ਕਰ ਰਿਹਾ ਸੀ ਕਿ ਉਸ ਨੂੰ ਸਵਰਨੇ ਘੋਟਣੇ ਦੇ ਜੱਲਾਦ ਗ੍ਰਿਫਤਾਰ ਕਰਕੇ ਲੈ ਗਏ। ਚੰਗੇ ਅਸਰ ਰਸੂਖ ਵਾਲੇ ਵਿਆਕਤੀਆਂ ਰਾਹੀਂ ਜਦੋਂ ਸਵਰਨੇ ਘੋਟਣੇ ਤੱਕ ਪਰਿਵਾਰ ਨੇ ਪੁਹੰਚ ਕੀਤੀ ਤਾਂ ਘੋਟਣੇ ਦਾ ਜਵਾਬ ਸੀ ਕਿ " ਮੇਰਾ ਇਸ ਨਾਲ ਪਿਛਲਾ ਹਿਸਾਬ ਬਾਕੀ ਹੈ", ਜਿਸਦਾ ਅਰਥ ਸੀ ਕਿ ਦੁਸ਼ਟ ਸਵਰਨਾ ਘੋਟਣਾ ਭਾਈ ਮੱਖਣ ਸਿੰਘ ਪੁਅਦਾੜਾ ਨੂੰ ਸ਼ਹੀਦ ਕਰ ਦੇਵੇਗ । ਸੋ ਉਸ ਨੇ ਆਪਣੀ ਇਹ ਕਾਲੀ ਕਰਤੂਤ ਕਰ ਦਿੱਤੀ। ਭਾਈ ਮੱਖਣ ਸਿੰਘ ਪੁਆਦੜਾ ਖਾਲਿਸਤਾਨ ਦੇ ਸ਼ਹੀਦਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ। ਨਾਭਾ ਜੇਲ੍ਹ ਦੌਰਾਨ ਹੀ ਭਾਈ ਮੱਖਣ ਸਿੰਘ ਦਾ ਪਿਤਾ ਅਤੇ ਭਰਾ ਚੜਾਈ ਕਰ ਗਏ ਸਨ। 

ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਯੋਧੇ ਭਾਈ ਮੱਖਣ ਸਿੰਘ ਦੀ ਸ਼ਹਾਦਤ ਨੂੰ ਤਹਿ ਦਿਲੋਂ ਪ੍ਰਣਾਮ ਹੈ।



Archive

RECENT STORIES