Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਫਿਲਪਾਈਨ 'ਚ 12,000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

Posted on November 11th, 2013

ਮਨੀਲਾ- ਫਿਲਪਾਈਨ 'ਚ ਆਏ ਤੂਫਾਨ 'ਹੇਯਾਨ' ਨਾਲ ਹੋਈ ਭਾਰੀ ਤਬਾਹੀ ਤੋਂ ਬਾਅਦ ਇਥੇ ਰਾਹਤਕਰਮੀ ਜਿਉਂਦੇ ਬਚੇ, ਭੁੱਖੇ ਤੇ ਬੇਸਹਾਰਾ ਲੋਕਾਂ ਤੱਕ ਜ਼ਰੂਰੀ ਸਹਾਇਤਾ ਪਹੁੰਚਾਉਣ ਲਈ ਸੰਘਰਸ਼ ਕਰ ਰਹੇ ਹਨ। ਦੇਸ਼ 'ਚ ਆਈ ਹੁਣ ਤੱਕ ਦੀ ਇਹ ਸਭ ਤੋਂ ਘਾਤਕ ਕੁਦਰਤੀ ਆਫਤ 'ਚ 12,000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰਾਹਤ ਕਰਮੀਆਂ ਨੇ ਇਥੇ ਬੀਤੇ ਦਿਨੀਂ 'ਹੇਯਾਨ' ਤੂਫਾਨ ਦੀ ਵਜ੍ਹਾ ਨਾਲ ਉੱਠੀ ਸੁਨਾਮੀ ਵਰਗੀਆਂ ਲਹਿਰਾਂ ਤੇ ਤੇਜ਼ ਹਵਾਵਾਂ 'ਚ ਹੋ ਰਹੀ ਭਾਰੀ ਤਬਾਹੀ ਨੂੰ ਵੇਖਦਿਆਂ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਫਿਲਪਾਈਨ ਤੋਂ ਬੀਤੇ ਦਿਨੀਂ ਬਾਹਰ ਨਿਕਲ ਕੇ ਦੱਖਣੀ ਚੀਨ ਸਾਗਰ ਤੋਂ ਹੁੰਦਾ ਹੋਇਆ ਇਹ ਤੂਫਾਨ ਤੜਕੇ ਵਿਅਤਨਾਮ ਪਹੁੰਚ ਗਿਆ। ਜਿਸ ਨੂੰ ਵੇਖਦਿਆਂ ਉਥੋਂ ਦੇ 6 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ ਗਿਆ ਹੈ। ਤੂਫਾਨ ਨਾਲ ਤਬਾਹ ਹੋਏ ਲੇਯਟੇ ਖੇਤਰ ਦੀ ਰਾਜਧਾਨੀ ਤਕਲੋਬਾਨ 'ਚ ਬਦਮਾਸ਼ਾਂ ਦੇ ਗਿਰੋਹ ਟੈਲੀਵਿਜ਼ਨ ਵਰਗੀਆਂ ਵਸਤਾਂ ਦੀਆਂ ਚੋਰੀਆਂ ਕਰ ਰਹੇ ਹਨ ਤੇ ਇਨ੍ਹਾਂ ਨੂੰ ਰੋਕਣ ਲਈ ਸੈਂਕੜੇ ਪੁਲਿਸ ਅਧਿਕਾਰੀ ਤੇ ਫੌਜ ਨੂੰ ਤੈਨਾਤ ਕੀਤਾ ਗਿਆ ਹੈ। ਤਕਲੋਬਾਨ ਦੇ ਤਬਾਹ ਹੋ ਚੁੱਕੇ ਹਵਾਈ ਅੱਡੇ 'ਤੇ ਮਦਦ ਦੀ ਆਸ 'ਚ ਪਹੁੰਚੇ ਭੁੱਖੇ ਤੇ ਥੱਕੇ ਹਾਰੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਜੋਆਨ ਲੁੰਬਰੇ ਵਿਲਸਨ ਨੇ ਦੱਸਿਆ ਕਿ ਅਧਿਕਾਰੀ ਇਥੇ ਮਦਦ ਮੰਗ ਰਹੇ ਲੋਕਾਂ ਦੀ ਇਸ ਭਾਰੀ ਗਿਣਤੀ ਨੂੰ ਸੰਭਾਲਣ ਲਈ ਸੰਘਰਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਖ਼ਮੀਆਂ ਲਈ ਦਵਾਈਆਂ ਤੇ ਪਾਣੀ ਚਾਹੀਦਾ ਹੈ। ਇਸ ਦੌਰਾਨ ਅਮਰੀਕਾ ਨੇ ਤੂਫਾਨ ਨਾਲ ਤਬਾਹ ਹਏ ਇਸ ਦੇਸ਼ 'ਚ ਮਨੁੱਖੀ ਰਾਹਤ ਕਾਰਜਾਂ ਲਈ ਕਰੀਬ 80 ਜਲਸੈਨਿਕਾਂ ਦੇ ਇਕ ਦਲ ਨੂੰ ਰਵਾਨਾ ਕੀਤਾ ਹੈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਬਿਆਨ 'ਚ ਕਿਹਾ ਹੈ ਕਿ ਅਮਰੀਕਾ ਹੋਰ ਵੱਧ ਸਹਾਇਤਾ ਮੁਹੱਈਆ ਕਰਵਾਉਣ ਲਈ ਤਿਆਰ ਖੜਾ ਹੈ।



Archive

RECENT STORIES