Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਸ਼ਿਆਂ ਦਾ ਸੌਦਾਗਰ ਜਗਦੀਸ਼ ਭੋਲਾ ਪੰਜ ਸਾਥੀਆਂ ਸਣੇ ਕਾਬੂ

Posted on November 11th, 2013


ਪਟਿਆਲਾ- ਪਟਿਆਲਾ ਪੁਲੀਸ ਨੇ ਨਸ਼ਿਆਂ ਦੇ ਕਰੋੜਾਂ ਰੁਪਏ ਦੇ ਕਾਰੋਬਾਰ ਦੇ ਸਰਗਣੇ ਜਗਦੀਸ਼ ਸਿੰਘ ਭੋਲਾ ਅਤੇ ਉਸ ਦੇ ਪੰਜ ਸਾਥੀਆਂ ਨੂੰ ਅੱਜ 18 ਕਰੋੜ ਰੁਪਏ ਦੀਆਂ ਨਸ਼ੀਲੀਆਂ ਵਸਤਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਐਸ.ਐਸ.ਪੀ. ਹਰਦਿਆਲ ਸਿੰਘ ਮਾਨ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਗਰੋਹ ਦੇ ਪਹਿਲਾਂ ਫੜੇ ਗਏ 28 ਮੈਂਬਰਾਂ ਤੋਂ 700 ਕਰੋੜ ਰੁਪਏ ਦੇ ਹਾਰਡ ਡਰੱਗਜ਼ ਬਰਾਮਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 50 ਐਨ.ਆਰ.ਆਈ ਵੀ ਇਸ ਕਾਲੇ ਧੰਦੇ ’ਚ ਲੱਗੇ ਹੋਏ ਹਨ, ਜਿਨ੍ਹਾਂ ਨੂੰ ਫੜਨ ਲਈ ਇੰਟਰਪੋਲ ਦੀ ਮਦਦ ਵੀ ਲਈ ਜਾਵੇਗੀ। ਯਾਦ ਰਹੇ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਐਸ ਐਸ ਪੀ ਹੁੰਦਿਆਂ, ਸ੍ਰੀ ਮਾਨ ਨੇ ਇਸ ਗਰੋਹ ਦਾ ਪਰਦਾਫਾਸ਼ ਕੀਤਾ ਸੀ ਅਤੇ ਉਸ ਸਮੇਂ ਕੌਮਾਂਤਰੀ ਪੱਧਰ ਦੇ ਮੁੱਕੇਬਾਜ਼ ਵਿਜੇਂਦਰ ਦਾ ਨਾਮ ਵੀ ਇਸ ਮਾਮਲੇ ਨਾਲ ਜੁੜਿਆ ਸੀ। ਭੋਲਾ ਖ਼ੁਦ ਵੀ ਸਾਬਕਾ ਕੌਮਾਂਤਰੀ ਪਹਿਲਵਾਨ ਤੇ ਪੰਜਾਬ ਪੁਲੀਸ ਦਾ ਬਰਤਰਫ ਡੀਐਸਪੀ ਹੈ।

ਉਨ੍ਹਾਂ ਦੱਸਿਆ ਕਿ ਫਤਹਿਗੜ੍ਹ ਸਾਹਿਬ ਡਰੱਗਜ਼ ਕੇਸਾਂ ਦੇ ਮਾਮਲੇ ਅਗਲੇਰੀ ਪੜਤਾਲ ਲਈ ਡੀ.ਜੀ.ਪੀ. ਸੁਮੇਧ ਸੈਣੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਵਿੱਚ ਉਨ੍ਹਾਂ ਦੀ ਬਦਲੀ ਸਮੇਂ ਹੀ ਤਬਦੀਲ ਕਰ ਦਿੱਤੇ ਗਏ ਸਨ। ਇਸ ਤਹਿਤ ਹੀ ਐਸ.ਪੀ. ਰਾਜਪੁਰਾ ਭੁਪਿੰਦਰ ਸਿੰਘ ਖੱਟੜਾ ਦੀ ਅਗਵਾਈ ਹੇਠਾਂ ਪੁਲੀਸ ਪਾਰਟੀ ਨੇ ਅੱਜ ਜਗਦੀਸ਼ ਭੋਲਾ ਵਾਸੀ ਰਾਏਕੇ ਕਲਾਂ (ਬਠਿੰਡਾ) ਹਾਲ ਨਿਵਾਸੀ ਮੁਹਾਲੀ ਅਤੇ ਸਾਥੀਆਂ ਨੂੰ ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ਦੇ ਗਨੌਰ ਕਸਬੇ ਨੇੜਿਓਂ ਇੱਕ ਢਾਬੇ ਵਿੱਚੋਂ ਕਾਬੂ ਕੀਤਾ ਹੈ। ਦੂਜੇ ਮੁਲਜ਼ਮਾਂ ਵਿਚ ਰਵਿੰਦਰ ਸਿੰਘ ਵਾਸੀ ਘੁੰਮੜ (ਹਰਿਆਣਾ), ਸਰਬਜੀਤ ਸਿੰਘ ਸੱਬਾ ਵਾਸੀ ਵਰਿਆਮ ਨੰਗਲ ਥਾਣਾ ਕੱਥੂ ਨੰਗਲ, ਹਰਪ੍ਰੀਤ ਸਿੰਘ ਹੈਪੀ ਵਾਸੀ ਝਬਾਲ (ਤਰਨ ਤਾਰਨ) ਅਤੇ ਬਲਜਿੰਦਰ ਸਿੰਘ ਵਾਸੀ ਪੰਡੋਰੀ (ਤਰਨ ਤਾਰਨ) ਸ਼ਾਮਲ ਹਨ।  ਉਨ੍ਹਾਂ ਦੱਸਿਆ ਕਿ ਕੌਮਾਂਤਰੀ ਪੱਧਰ ਦੇ ਪਹਿਲਵਾਨ ਰਹੇ ਜਗਦੀਸ਼ ਭੋਲਾ ਨੇ ਭਾਰਤ ਕੇਸਰੀ, ਭਾਰਤ ਮੱਲ ਸਮਰਾਟ, ਰੁਸਤਮੇ ਹਿੰਦ, ਹਿੰਦ ਕੇਸਰੀ ਅਤੇ ਵਿਸ਼ਵ ਖ਼ਾਲਸਾ ਕੇਸਰੀ ਦੇ ਖ਼ਿਤਾਬ ਹਾਸਲ ਕੀਤੇ ਸਨ। ਉਸ ਨੂੰ 1998 ’ਚ ਭਾਰਤ ਸਰਕਾਰ ਵੱਲੋਂ ਅਰਜੁਨ ਐਵਾਰਡ ਅਤੇ ਰਾਜ ਸਰਕਾਰ ਵੱਲੋਂ ਡੀ.ਐਸ.ਪੀ. ਦਾ ਅਹੁਦਾ ਦਿੱਤਾ ਗਿਆ ਸੀ। 

ਕੁਸ਼ਤੀ ਮੁਕਾਬਲਿਆਂ ਦੌਰਾਨ ਭੋਲਾ ਦੇ ਕੈਨੇਡਾ, ਇੰਗਲੈਂਡ ਅਮਰੀਕਾ ਅਤੇ ਕਈ ਹੋਰ ਦੇਸ਼ਾਂ ਵਿੱਚ ਡਰੱਗ ਮਾਫ਼ੀਆ ਨਾਲ ਸਬੰਧ ਬਣ ਗਏ ਸਨ, ਜ਼ਿਨ੍ਹਾਂ ਨਾਲ ਮਿਲ ਕੇ ਇਸ ਨੇ ਹਾਰਡ ਡਰੱਗਜ਼ ਦਾ ਅਰਬਾਂ ਰੁਪਏ ਦਾ ਕਾਲਾ ਕਾਰੋਬਾਰ ਖੜ੍ਹਾ ਕਰ ਲਿਆ। ਭੋਲਾ ਨੂੰ ਇਨਫੋਰਸਮੈਂਟ ਵਿਭਾਗ ਵੱਲੋਂ ਡਰੱਗਜ਼ ਮਾਮਲੇ ’ਚ ਮੁੰਬਈ ਅਤੇ ਲੁਧਿਆਣਾ ਵਿਖੇ ਵੀ ਕਾਬੂ ਕੀਤਾ ਗਿਆ ਸੀ। ਇਸੇ ਦੌਰਾਨ ਐਸਪੀ ਭੁਪਿੰਦਰ ਸਿੰਘ ਖੱਟੜਾ ਦੀ ਅਗਵਾਈ ਹੇਠਾਂ ਸੋਮਵਾਰ ਦੇਰ ਸ਼ਾਮੀ ਜਗਦੀਸ਼ ਭੋਲਾ ਦੀ ਦਿੱਲੀ ਦੇ ਈਸਟ ਪਟੇਲ ਨਗਰ ਵਿਚ ਸਥਿਤ ਰਿਹਾਇਸ਼ ਉੱਤੇ ਮਾਰੇ ਗਏ ਛਾਪੇ ਦੌਰਾਨ 26 ਪਾਸਪੋਰਟ ਅਤੇ ਅਮਰੀਕਾ ਤੋਂ ਬਣੀ ਹਾਈ ਕੁਆਲਟੀ ਦੀ ਪਾਸਪੋਰਟ ਬਣਾਉਣ ਵਾਲੀ ਇੱਕ ਮਸ਼ੀਨ ਵੀ ਮਿਲੀ ਹੈ। ਪਾਸਪੋਰਟਾਂ ਵਿਚੋਂ 17 ਭਾਰਤੀ, 8 ਕੈਨੇਡੀਅਨ ਤੇ ਇੱਕ ਬ੍ਰਿਟਿਸ਼ ਦਾ ਹੈ।

ਕਈ ਰਸੂਖ਼ਕਾਰਾਂ ’ਤੇ ਪੁਲੀਸ ਦੀ ਨਜ਼ਰ: ਜਗਦੀਸ਼ ਭੋਲਾ ਦੇ ਫੜੇ ਜਾਣ ਤੋਂ ਬਾਅਦ ਉਸ ਦੀ ਮਦਦ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਕੁਝ ਨਾਮੀ ਸਿਆਸਤਦਾਨਾਂ ਅਤੇ ਪੁਲੀਸ ਅਫਸਰਾਂ ਦੀ ਭੂਮਿਕਾ ਵੀ ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਟੀਮ ਦੀ ਨਜ਼ਰ ਹੇਠ ਆ ਗਈ ਹੈ। ਭੋਲਾ ਪਿਛਲੇ ਤਿੰਨ ਸਾਲਾਂ ਤੋਂ ਗ੍ਰਿਫਤਾਰੀ ਤੋਂ ਬਚਦਾ ਆ ਰਿਹਾ ਸੀ ਤੇ ਉਸ ਨੂੰ ਫੜਨ ਲਈ ਮਾਰੇ ਜਾਂਦੇ ਛਾਪੇ ਅਕਸਰ ਨਾਕਾਮ ਰਹਿ ਜਾਂਦੇ ਸਨ। ਇਕ ਜਾਂਚ ਅਧਿਕਾਰੀ ਨੇ ਕਿਹਾ, ‘‘ਭੋਲੇ ਦੀ ਮਦਦ ਕਰਨ ਵਾਲੇ ਕੁਝ ਬਹੁਤ ਹੀ ਰਸੂਖ਼ਦਾਰ ਲੋਕਾਂ ਬਾਰੇ ਸਾਨੂੰ ਜਾਣਕਾਰੀ ਮਿਲੀ ਹੈ। ਜਾਂਚ ਪੂਰੀ ਹੋਣ ਅਤੇ ਸਬੂਤ ਮਿਲਣ ਉੱਤੇ ਉਨ੍ਹਾਂ ਨੂੰ ਫੜਿਆ ਜਾਵੇਗਾ।’’



Archive

RECENT STORIES