Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਚਮੜਾ ਰੰਗਣ ਵਾਲੇ ਦੇ ਦੋ ਪੁੱਤਰ ਬਣੇ ਪੀਸੀਐਸ ਅਫ਼ਸਰ

Posted on November 13th, 2013

<p>ਅੰਬੇਦਕਰ ਇੰਸਟੀਚਿਊਟ, ਮੁਹਾਲੀ ਦੀ ਪ੍ਰਿੰਸੀਪਲ ਰਾਜਵਿੰਦਰ ਕੌਰ ਮਿਨਹਾਸ ਤੋਂ ਅਸ਼ੀਰਵਾਦ ਪ੍ਰਾਪਤ ਕਰਦਾ ਪਵਨ ਕੁਮਾਰ&nbsp;<br></p>


ਮੁਹਾਲੀ- ਜਲੰਧਰ ਦੀ ਬੂਟਾ ਮੰਡੀ ਵਿੱਚ ਜੱਦੀ ਪੁਸ਼ਤੀ ਚਮੜਾ ਰੰਗਣ ਦਾ ਕੰਮ ਕਰਨ ਵਾਲੇ ਕਿਸ਼ੋਰ ਨੰਦ ਦੀ ਪਛਾਣ ਹੁਣ ਬਦਲ ਗਈ ਹੈ। ਹੁਣ ਉਸ ਨੂੰ ਚਮੜਾ ਰੰਗਣ ਵਾਲਾ ਦਲਿਤ ਨਹੀਂ ਬਲਕਿ ਦੋ ਪੀ.ਸੀ.ਐਸ. ਅਧਿਕਾਰੀਆਂ ਦੇ ਪਿਤਾ ਵਜੋਂ ਜਾਣਿਆ ਜਾਣ ਲੱਗਾ ਹੈ। ਕਿਸ਼ੋਰ ਨੰਦ ਨੂੰ ਇਹ ਸਨਮਾਨ ਉਸ ਦੇ ਸਭ ਤੋਂ ਛੋਟੇ ਪੁੱਤਰ ਪਵਨ ਕੁਮਾਰ ਨੇ ਦਿਵਾਇਆ ਹੈ।
ਇੱਥੋਂ ਦੇ ਫੇਜ਼-3ਬੀ2 ਸਥਿਤ ਡਾ. ਅੰਬੇਦਕਰ ਇੰਸਟੀਚਿਊਟ ਦੇ ਵਿਦਿਆਰਥੀ ਪਵਨ ਕੁਮਾਰ ਵੱਲੋਂ ਇਸ ਵਰ੍ਹੇ ਪੀਸੀਐਸ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਸਰਕਾਰ ਨੇ ਉਸ ਨੂੰ ਕਰ ਤੇ ਆਬਕਾਰੀ ਵਿਭਾਗ ਦੇ ਈਟੀਓ ਦੀ ਜ਼ਿੰਮੇਵਾਰੀ ਸੰਭਾਲੀ ਹੈ। ਪਿਛਲੇ ਦੋ ਸਾਲਾਂ ਵਿੱਚ ਇਸ ਇੰਸਟੀਚਿਊਟ ਦੇ ਕਰੀਬ 9 ਵਿਦਿਆਰਥੀਆਂ ਨੇ ਪੀਸੀਐਸ ਦੀ ਪ੍ਰੀਖਿਆ ਪਾਸ ਕਰਕੇ ਸੰਸਥਾ ਅਤੇ ਮੁਹਾਲੀ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ।

ਇੱਥੇ ਇੰਸਟੀਚਿਊਟ ਵਿੱਚ ਪਹੁੰਚੇ ਪਵਨ ਕੁਮਾਰ (29 ਸਾਲ) ਨੇ ਦੱਸਿਆ ਕਿ ਉਸ ਦੇ ਪਿਤਾ ਨੇ ਸਾਰੀ ਉਮਰ ਜੱਦੀ ਪੁਸ਼ਤੀ ਚਮੜਾ ਰੰਗਣ ਦਾ ਕੰਮ ਕਰਕੇ ਉਸ ਨੂੰ ਇਸ ਮੰਜ਼ਿਲ ’ਤੇ ਪਹੁੰਚਣ ਲਈ ਅਹਿਮ ਯੋਗਦਾਨ ਪਾਇਆ ਹੈ। ਆਰਥਿਕ ਤੰਗੀ ਦੇ ਬਾਵਜੂਦ ਪਿਤਾ ਨੇ ਉਨ੍ਹਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਕੋਈ ਕਸਰ  ਨਹੀਂ ਛੱਡੀ। ਪਸ਼ੂਆਂ ਦੀ ਚਮੜੀ ਰੰਗ ਕੇ ਜੁੱਤੀਆਂ ਅਤੇ  ਚਮੜੇ ਦਾ ਹੋਰ ਸਾਮਾਨ ਵੇਚ ਕੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਘਰ ਵਿੱਚ ਮਾਂ-ਬਾਪ ਤੋਂ ਇਲਾਵਾ ਤਿੰਨ ਭਰਾ ਅਤੇ ਦੋ ਭੈਣਾਂ ਹਨ। ਸਾਰਿਆਂ ਦੇ ਵਿਆਹ ਹੋ ਚੁੱਕੇ ਹਨ। ਦਿਨ ਰਾਤ ਸਖ਼ਤ ਮਿਹਨਤ ਕਰਕੇ ਵੀ ਬੜੀ ਮੁਸ਼ਕਲ ਨਾਲ 7 ਹਜ਼ਾਰ ਰੁਪਏ ਆਮਦਨ ਹੁੰਦੀ ਸੀ। ਅਜਿਹੇ ਹਾਲਾਤ ਵਿੱਚ ਸਭ ਤੋਂ ਪਹਿਲਾਂ ਵੱਡੇ ਭਰਾ ਬ੍ਰਿਜੇਸ਼ ਕੁਮਾਰ ਨੇ ਜਿਵੇਂ ਕਿਵੇਂ ਪੜ੍ਹਾਈ ਹਾਸਲ ਕਰਕੇ ਸਰਕਾਰੀ ਅਧਿਆਪਕ ਦੀ ਨੌਕਰੀ ਪ੍ਰਾਪਤ ਕੀਤੀ।

ਇਸ ਮਗਰੋਂ ਵਿਚਕਾਰਲਾ ਭਰਾ ਸੁਨੀਲ ਕੁਮਾਰ ਵੀ ਇਸੇ ਰਾਹ ਪੈ ਗਿਆ। ਉਹ ਸਰਕਾਰੀ ਅਧਿਆਪਕ ਬਣ ਗਿਆ ਪਰ ਸੁਨੀਲ ਕੁਮਾਰ ਡਾ. ਅੰਬੇਦਕਰ ਇੰਸਟੀਚਿਊਟ ਵਿੱਚ ਪੀ.ਸੀ.ਐਸ. ਬਣਨ ਦੀ ਟਰੇਨਿੰਗ ਲੈਣ ਪਹੁੰਚ ਗਿਆ। ਇੱਥੋਂ ਮਿਲੀ ਕੋਚਿੰਗ ਤੋਂ ਉਸ ਨੇ ਪਿਛਲੇ ਸਾਲ ਪੀਸੀਐਸ ਦੀ ਪ੍ਰੀਖਿਆ ਪਾਸ ਕਰ ਲਈ ਜੋ ਇਸ ਸਮੇਂ ਜਲੰਧਰ ਵਿੱਚ ਈਟੀਓ ਤਾਇਨਾਤ ਹਨ।

ਪਵਨ ਕੁਮਾਰ ਨੇ ਦੱਸਿਆ ਕਿ  ਆਪਣੇ ਅਧਿਆਪਕ ਭਰਾ ਦੀ ਤਰੱਕੀ ਦੇਖ ਕੇ ਉਸ ਦੇ ਮਨ ਵਿੱਚ ਵੀ ਪੀਸੀਐਸ ਅਫ਼ਸਰ ਦਾ ਚਾਅ ਪੈਦਾ ਹੋਇਆ। ਉਹ ਵੀ ਜਲੰਧਰ ਇਸੇ ਸੰਸਥਾ ਵਿੱਚ ਪਹੁੰਚ ਗਿਆ ਅਤੇ ਪੀਸੀਐਸ ਪ੍ਰੀਖਿਆ ਸਬੰਧੀ ਸਿਖਲਾਈ ਹਾਸਲ ਕੀਤੀ। ਪਿਛਲੇ ਸਾਲ ਹੀ ਉਸ ਦਾ ਅਧਿਆਪਕਾ ਕਮਲਜੀਤ ਕੌਰ ਨਾਲ ਵਿਆਹ ਹੋ ਗਿਆ। ਸਮੁੱਚੇ ਪਰਿਵਾਰ ਨੇ ਉਸ ਦਾ ਸਹਿਯੋਗ ਦਿੱਤਾ ਅਤੇ ਅੱਜ ਉਸ ਨੇ ਪੀਸੀਐਸ ਅਫ਼ਸਰ ਬਣਨ ਦਾ ਆਪਣਾ ਸਪਨਾ ਪੂਰਾ ਕਰ ਲਿਆ।

ਪਵਨ ਨੇ ਅਨੁਸੂਚਿਤ ਜਾਤੀ ਸ਼੍ਰੇਣੀ ਵਰਗ ਵਿੱਚ ਪੰਜਾਬ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਹੈ। ਪੀਸੀਐਸ ਬਣਨ ਤੋਂ ਪਹਿਲਾਂ ਉਹ ਗਣਿਤ ਵਿਸ਼ੇ ਦੇ ਅਧਿਆਪਕ ਸਨ। ਉਸ ਨੇ ਗੀਤਾਂਜਲੀ ਮਾਡਲ ਸਕੂਲ ’ਚੋਂ ਮੁੱਢਲੀ ਸਿੱਖਿਆ ਹਾਸਲ ਕੀਤੀ। ਉਹ ਤਿੰਨ ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਰਿਸਚਰ ਸਕਾਲਰ ਵੀ ਰਹੇ ਅਤੇ ਪੀਸੀਐਸ ਦੀ ਤਿਆਰੀ ਲਈ ਰੋਜ਼ਾਨਾ 8 ਤੋਂ 10 ਘੰਟੇ ਲਗਨ ਨਾਲ ਪੜ੍ਹਾਈ ਕੀਤੀ ਲੇਕਿਨ ਇਸ ਦੇ ਬਾਵਜੂਦ ਉਨ੍ਹਾਂ ਆਪਣਾ ਸੋਸ਼ਲ ਨੈੱਟਵਰਕ ਨਹੀਂ ਤੋੜਿਆ।



Archive

RECENT STORIES