Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰਨਾ ਵਲੋਂ ਕਾਂਗਰਸ ਦੀ ਹਮਾਇਤ ਕਰਨ ਦਾ ਐਲਾਨ

Posted on November 14th, 2013

ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਰਨਾ ਧੜੇ ਵਲੋਂ ਕਾਂਗਰਸ ਦੀ ਖੁਲੇਆਮ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਦੇ ਸਿੱਖਾਂ ਨੂੰ ਕਾਂਗਰਸ ਦੇ ਹੱਕ ਵਿਚ ਵੋਟ ਪਾਉਣ ਲਈ ਸਰਨਾ ਵਲੋਂ ਛੇਤੀ ਹੀ ਇਕ ਕਨਵੈਨਸ਼ਨ ਸੱਦਣ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਅਪੀਲ ਕੀਤੀ ਗਈ ਕਿ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰਾਂ 'ਤੇ ਵਿਧਾਨ ਸਭਾ ਵਰਗੀਆਂ ਸਿਆਸੀ ਚੋਣਾਂ ਵਿਚ ਹਿੱਸਾ ਲੈਣ ਉਪਰ ਪਾਬੰਦੀ ਲਾਈ ਜਾਵੇ ਤਾਕਿ ਧਾਰਮਕ ਸੰਸਥਾ ਦੇ ਵੱਕਾਰ ਨੂੰ ਬਹਾਰ ਰਖਿਆ ਜਾਵੇ। 

ਇਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਰਿਹਾਇਸ਼ ਵਿਖੇ ਪਾਰਟੀ ਅਹੁਦੇਦਾਰਾਂ ਦੀ ਭਰਵੀਂ ਮੀਟਿੰਗ ਵਿਚ ਭਾਜਪਾ ਦੀਆਂ ਕਥਿਤ ਫ਼ਿਰਕੂ ਤੇ ਘੱਟ-ਗਿਣਤੀ ਵਿਰੋਧੀ ਨੀਤੀਆਂ ਦਾ ਵਿਰੋਧ ਤੇ ਕਾਂਗਰਸ ਦੀਆਂ ਕਥਿਤ ਧਰਮ ਨਿਰਪੱਖ ਨੀਤੀਆਂ ਦੀ ਹਮਾਇਤ ਕਰਦਿਆਂ ਬਾਦਲ ਦਲ ਨੂੰ ਸਬਕ ਸਿਖਾਉਣ ਲਈ ਕਾਂਗਰਸ ਪਾਰਟੀ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਸ. ਸਰਨਾ ਨੇ ਭਾਜਪਾ ਵਲੋਂ ਸਿੱਖ ਵਿਧਾਇਕ ਸ. ਹਰਸ਼ਰਨ ਸਿੰਘ ਬੱਲੀ ਦੀ ਟਿਕਟ ਕੱਟਣ ਦਾ ਸਖ਼ਤ ਵਿਰੋਧ ਕਰਦਿਆਂ ਭਾਜਪਾ ਦੇ ਘੱਟ-ਗਿਣਤੀਆਂ ਪ੍ਰਤੀ ਸਟੈਂਡ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਬਾਦਲਾਂ ਨੂੰ ਕਰਾਰੀ ਹਾਰ ਦੇ ਕੇ ਪੰਜਾਬ ਵਾਪਸ ਭੇਜਾਂਗੇ।

ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਿੱਖ ਕਿਸੇ ਵੀ ਕੀਮਤ 'ਤੇ ਭਾਜਪਾ ਨਾਲ ਨਹੀਂ ਚੱਲ ਸਕਦੇ ਕਿਉਂਕਿ ਨਾ ਤਾਂ ਭਾਜਪਾ ਦੀ ਵਿਚਾਰਧਾਰਾ ਸਿੱਖਾਂ ਨਾਲ ਮਿਲਦੀ ਹੈ ਅਤੇ ਨਾ ਹੀ ਭਾਜਪਾ ਨੂੰ ਸਿੱਖਾਂ ਦਾ ਨਿਆਰਾਪਣ ਰਾਸ ਆਉਂਦਾ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸ. ਭਜਨ ਸਿੰਘ ਵਾਲੀਆ, ਸ. ਦਰਸ਼ਨ ਸਿੰਘ ਨੇ ਕਿਹਾ ਕਿ ਧਰਮ ਤੇ ਸਿਆਸਤ ਦਾ ਮਿਲਗੋਭਾ ਹੋ ਰਿਹਾ ਰੂਪ ਸਿੱਖਾਂ ਦੇ ਭਵਿੱਖ ਲਈ ਖ਼ਤਰਨਾਕ ਹੈ, ਇਸ ਲਈ ਅਕਾਲ ਤਖ਼ਤ ਤੋਂ ਵਿਸ਼ੇਸ਼  ਹਦਾਇਤ ਜਾਰੀ ਕਰ ਕੇ ਗੁਰਦਵਾਰਾ ਮੈਂਬਰਾਂ ਦੇ ਚੋਣਾਂ ਨਾ ਲੜਨ ਬਾਰੇ ਰਣਨੀਤੀ ਉਲੀਕੀ ਜਾਵੇ। 



Archive

RECENT STORIES