Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

……… ਜਦੋਂ ਮੁੱਖ ਮੰਤਰੀ ਬਾਦਲ ਦੀ ਅੰਤਰ ਆਤਮਾ ਸੱਚ ਬੋਲੀ.............ਪੰਜਾਬ ਅੰਦਰ ਨਸ਼ਾਖੋਰੀ, ਮੰਹਿਗਾਈ ਅਤੇ ਰਿਸਵਤ ਖੋਰੀ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ

Posted on November 16th, 2013


ਬਰਨਾਲਾ (ਜਗਸੀਰ ਸਿੰਘ ਸੰਧੂ)- ਜਿਵੇਂ ਸਿਆਣਿਆਂ ਨੇ ਕਿਹਾ ਹੈ ਕਿ ਕਦੇ ਨਾ ਕਦੇ ਤਾਂ ਸੱਚ ਬੰਦੇ ਦੀ ਜੁਬਾਨ ’ਤੇ ਆ ਹੀ ਜਾਂਦਾ ਹੈ, ਉਸੇ ਤਰਾਂ ਪੰਜਾਬ ਦੇ ਮੁੱਖ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੀ ਕਰੀਬ ਚਾਰ ਸੌ ਪੱਤਰਕਾਰਾਂ ਦੇ ਸਾਹਮਣੇ ਅਜਿਹੇ ਸੱਚ ਬਿਆਨ ਕਰ ਗਏ, ਜੋ ਇੱਕ ਸੂਬੇ ਦੇ ਮੁੱਖੀ ਦੇ ਮੂੰਹੋਂ ਕਦੇ ਵੀ ਸੋਭਦੇ ਨਹੀਂ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਪੰਜਾਬ ਯੂਨੀਅਨ ਆਫ਼ ਜਰਨਾਲਿਸਟਸ ਵੱਲੋਂ ਕਰਵਾਏ ਗਏ ‘ਗਦਰ ਅਖਬਾਰ ਦੇ ਸਤਾਬਦੀ ਸਮਾਗਮ’ ਵਿੱਚ ਮੁੱਖ ਮਹਿਮਾਨ ਵੱਜੋਂ ਸਿਰਕਤ ਕਰਨ ਸਮੇਂ ਮੁੱਖ ਮੰਤਰੀ ਸ੍ਰ: ਬਾਦਲ ਦੀ ਸਾਇਦ ਅੰਤਰ ਆਤਮਾ ਬੋਲ ਪਈ ਜਾਂ ਫੇਰ ਚਾਰ ਸੌ ਪੱਤਰਕਾਰਾਂ ਸਾਹਮਣੇ ਉਹਨਾਂ ਨੇ ਸੱਚ ਬੋਲਣਾ ਹੀ ਬਿਹਤਰ ਸਮਝਦਿਆਂ ਕਿਹਾ ਕਿ ਪੰਜਾਬ ਅੰਦਰ ਨਸ਼ਾਖੋਰੀ, ਮੰਹਿਗਾਈ ਅਤੇ ਰਿਸਵਤ ਖੋਰੀ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਦੇਸ਼ ਦੇ ਅੰਨ ਭੰਡਾਰ ਭਰਨ ਵਾਲਾ ਪੰਜਾਬ ਦੀ ਕਿਸਾਨ ਕਰਜਾਈ ਹੋ ਕੇ ਖੁਦਕਸੀਆਂ ਕਰੀ ਜਾ ਰਿਹਾ ਹੈ। 

ਹੋਰ ਤਾਂ ਹੋਰ ਮੁੱਖ ਮੰਤਰੀ ਸਾਬ ਇੱਥੋਂ ਤੱਕ ਆਖ ਗਏ ਕਿ ਪੰਜਾਬ ਵਿੱਚ ਨਵੇਂ ਉਦਯੋਗ ਤਾਂ ਕੀ ਆਉਣੇ ਸਨ, ਸਗੋਂ ਪੰਜਾਬ ਵਿੱਚੋਂ ਤਾਂ ਲੱਗੇ ਉਦਯੋਗ ਵੀ ਪੱਟ ਕੇ ਬਾਹਰ ਜਾ ਰਹੇ ਹਨ। ਹਰ ਸਟੇਜ ’ਤੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਸ੍ਰ: ਬਾਦਲ ਦੇ ਮੂੰਹੋਂ ਇਹ ਸੁਣਕੇ ਉਥੇ ਬੈਠੇ ਪੱਤਰਕਾਰ ਵੀ ਇੱਕ ਦੂਜੇ ਦੇ ਮੂੰਹਾਂ ਵੱਲ ਝਾਕਣ ਲੱਗ ਪਏ। ਭਾਵੇਂ ਬਾਅਦ ਵਿੱਚ ਸ੍ਰ: ਬਾਦਲ ਨੇ ਇਸ ਵਰਤਾਰੇ ਲਈ ਕੇਂਦਰ ਦੀ ਸਰਕਾਰ ਨੂੰ ਜਿੰਮੇਵਾਰ ਠਹਿਰਿਆ, ਪਰ ਪੱਤਰਕਾਰਾਂ ਵਿੱਚ ਚਰਚਾ ਹੋਣ ਲੱਗ ਪਈ ਕਿ ਲਗਾਤਾਰ ਦੂਜੀ ਵਾਰ ਸਰਕਾਰ ਬਣਾਉਣਾ ਮੁੱਖ ਮੰਤਰੀ ਆਪਣੇ ਰਾਜ ਦੀ ਦੁਰਦਸਾ ਦੀਆਂ ਆਪ ਹੀ ਕਹਾਣੀਆਂ ਸੁਣਾਉਣ ਲੱਗ ਪਵੇ ਤਾਂ ਇਸ ਦੁਰਦਸਾ ਲਈ ਦੋਸ਼ੀ ਕਿਸ ਨੂੰ ਕਿਹਾ ਜਾ ਸਕਦਾ ਹੈ। ਬਹੁਤ ਸਾਰੇ ਪੱਤਰਕਾਰ ਤਾਂ ਦਬਵੀਂ ਅਵਾਜ਼ ਵਿੱਚ ਇਹ ਕਹਿੰਦੇ ਵੀ ਸੁਣੇ ਗਏ ਕਿ ਜੇਕਰ ਪੰਜਾਬ ਦਾ ਇਹ ਹਾਲ ਹੈ ਤਾਂ ਬਾਦਲ ਸਾਬ! ਫੇਰ ਤੁਸੀਂ ਕਾਹਦੇ ਮੁੱਖ ਮੰਤਰੀ ਹੋ।




Archive

RECENT STORIES