Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਿੰਦਰਖੀਆ ਦੇ ਭੋਗ ਮੌਕੇ ਕੀਤੇ ਐਲਾਨਾਂ ਦੀ ਸਰਕਾਰ ਨੇ ਨਾ ਰੱਖੀ ਲਾਜ

Posted on November 16th, 2013


ਰੂਪਨਗਰ- ਜ਼ਿਲ੍ਹਾ ਰੂਪਨਗਰ ਦੇ ਪਿੰਡ ਬਿੰਦਰਖ ਦੇ ਜੰਮਪਲ ਅਤੇ ਦੇਸ਼-ਵਿਦੇਸ਼ ਵਿੱਚ ਆਪਣੀ ਗਾਇਕੀ ਦਾ ਲੋਹਾ ਮੰਨਵਾਉਣ ਵਾਲੇ ਗਾਇਕ ਸੁਰਜੀਤ ਬਿੰਦਰਖੀਆ ਦੇ ਭੋਗ ਮੌਕੇ ਸਰਕਾਰ ਅਤੇ ਨਾਮਵਰ ਗਾਇਕਾਂ ਵੱਲੋਂ ਕੀਤੇ ਗਏ ਵਾਅਦੇ ਇੱਕ ਦਹਾਕੇ ਬਾਅਦ ਵੀ ਵਫ਼ਾ ਨਹੀਂ ਹੋਏ ਹਨ। ਆਪਣੇ ਸਮੇਂ ਦੇ ਨਾਮੀ ਪਹਿਲਵਾਨ ਸੁੱਚਾ ਸਿੰਘ ਦੇ ਘਰ ਪੈਦਾ ਹੋਇਆ ਸੁਰਜੀਤ ਵੀ ਘੁਲਦਾ ਹੁੰਦਾ ਸੀ ਪਰ ਬਾਅਦ ਵਿੱਚ ਉਹ ਗਾਇਕੀ ਵੱਲ ਮੁੜ ਪਿਆ। ਉਸ ਨੇ ਗਾਇਕੀ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ। ਉਸ ਨੇ ਆਪਣੀ ਦਮਦਾਰ ਆਵਾਜ਼ ਤੇ ਲੰਮੀ ਹੇਕ ਨਾਲ ਲੰਬਾ ਸਮਾਂ ਪੰਜਾਬੀ ਸਰੋਤਿਆਂ ਦੇ ਦਿਲਾਂ ’ਤੇ ਰਾਜ ਕੀਤਾ। ਜ਼ਿਕਰਯੋਗ ਹੈ ਕਿ 17 ਨਵੰਬਰ, 2003 ਨੂੰ ਸੁਰਜੀਤ ਬਿੰਦਰਖੀਆ ਦੀ ਮੌਤ ਹੋ ਗਈ ਸੀ।

ਇਸ ਗਾਇਕ ਦੇ ਭੋਗ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਸਰਕਾਰ ਵੱਲੋਂ ਪਿੰਡ ਵਿੱਚ ਮਰਹੂਮ ਗਾਇਕ ਦੀ ਯਾਦਗਾਰ ਬਣਾਉਣ, ਬਿੰਦਰਖੀਆ ਦੇ ਨਾਂ ’ਤੇ ਟਰੱਸਟ ਕਾਇਮ ਕਰਨ, ਪਿੰਡ ਵਿੱਚ ਲੜਕੀਆਂ ਦਾ ਕਾਲਜ ਖੋਲ੍ਹਣ, ਪਿੰਡ ਦਾ ਮਾਡਲ ਗਰਾਮ ਵਜੋਂ ਵਿਕਾਸ ਕਰਨ, ਮੀਆਂਪੁਰ ਤੋਂ ਬਿੰਦਰਖ ਤੱਕ ਸੜਕ ਦਾ ਨਾਂ ਗਾਇਕ ਦੇ ਨਾਂ ’ਤੇ ਰੱਖਣ ਅਤੇ ਪਿੰਡ ਲਈ ਬੱਸ ਸੇਵਾ ਚਾਲੂ ਕਰਨ ਦਾ ਐਲਾਨ ਕੀਤਾ ਸੀ ਪਰ ਇਨ੍ਹਾਂ ਐਲਾਨਾਂ ਨੂੰ ਇੱਕ ਦਹਾਕੇ ਬਾਅਦ ਵੀ ਬੂਰ ਨਹੀਂ ਪਿਆ ਹੈ। ਪਿੰਡ ਬਿੰਦਰਖ ਵਿੱਚ ਮਰਹੂਮ ਗਾਇਕ ਦਾ ਜੱਦੀ ਘਰ ਬੰਦ ਪਿਆ ਹੈ। ਇਸ ਮਕਾਨ ਵਿੱਚ ਮਰਹੂਮ ਗਾਇਕ ਦਾ ਕੋਈ ਪਰਿਵਾਰਕ ਮੈਂਬਰ ਨਹੀਂ ਰਹਿੰਦਾ। ਨਾਲ ਲੱਗਦੇ ਇੱਕ ਕਮਰੇ ਵਿੱਚ ਰਹਿੰਦੇ ਮਜ਼ਦੂਰ ਪਰਿਵਾਰ ਨੇ ਹੀ ਉਸ ਦੇ ਮਕਾਨ ਦਾ ਇੱਕ ਕਮਰਾ ਖੋਲ੍ਹ ਕੇ ਦਿਖਾਇਆ, ਜਿਸ ਵਿੱਚ ਕਿਸੇ ਪ੍ਰਸੰਸਕ ਵੱਲੋਂ ਮਰਹੂਮ ਗਾਇਕ ਦੀ ਬਣਾਈ ਗਈ ਇਕ ਮੂਰਤੀ ਪਈ ਹੈ ਅਤੇ ਇਸ ਕਮਰੇ ਤੇ ਵਰਾਂਡੇ ਵਿੱਚ ਗਾਇਕ, ਉਸ ਦੇ ਪਿਤਾ ਪਹਿਲਵਾਨ ਸੁੱਚਾ ਸਿੰਘ ਤੇ ਉਸ ਦੀ ਮਾਤਾ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ।

ਪਿੰਡ ਦੇ ਨੌਜਵਾਨਾਂ ਰਵਿੰਦਰ ਸਿੰਘ ਤੇ ਮੇਜਰ ਸਿੰਘ ਨੇ ਦੱਸਿਆ ਕਿ ਭੋਗ ਮੌਕੇ ਸਰਕਾਰ ਅਤੇ ਨਾਮਵਰ ਗਾਇਕਾਂ ਨੇ ਸੁਰਜੀਤ ਬਿੰਦਰਖੀਆ ਦੀ ਯਾਦ ਵਿੱਚ ਹਰ ਸਾਲ ਸਭਿਆਚਾਰਕ ਮੇਲਾ ਕਰਾਉਣ ਦਾ ਐਲਾਨ ਕੀਤਾ ਸੀ ਪਰ ਬਾਅਦ ’ਚ ਉਹ ਸਭ ਵਾਅਦੇ ਵਿਸਾਰ ਗਏ। ਪਿੰਡ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਤੇ ਗੁਰਮੁੱਖ ਸਿੰਘ ਹੋਰਾਂ ਨੇ ਦੱਸਿਆ ਕਿ ਭੋਗ ਤੋਂ ਬਾਅਦ ਮੁੜ ਕੇ ਕਿਸੇ ਨੇ ਪਿੰਡ ਦੀ ਸਾਰ ਨਹੀਂ ਲਈ। ਰੂਪਨਗਰ ਤੋਂ ਬਿੰਦਰਖ ਲਈ ਰੋਡਵੇਜ਼ ਦੀ ਸਿਰਫ ਇਕ ਬੱਸ ਚਲਾਈ ਸੀ ਜੋ ਕੁਝ ਸਮੇਂ ਬਾਅਦ ਬੰਦ ਹੋ ਗਈ। ਇਸ ਤੋਂ ਇਲਾਵਾ ਪਿੰਡ ਲਈ ਚਲਦੀ ਸੀਟੀਯੂ ਬੱਸ ਸੇਵਾ ਵੀ ਕਾਫੀ ਸਮੇਂ ਤੋਂ ਬੰਦ ਪਈ ਹੈ। ਗਾਇਕ ਦੇ ਪਰਿਵਾਰਕ ਮੈਂਬਰ ਅਤੇ ਗਾਇਕ ਗੁਰਸ਼ਰਨ ਬਿੰਦਰਖੀਆ ਨੇ ਕਿਹਾ ਕਿ ਲੋਕ ਗਾਇਕ ਪ੍ਰਤੀ ਸਰਕਾਰ ਦਾ ਅਜਿਹਾ ਵਤੀਰਾ ਨਿੰਦਣਯੋਗ ਹੈ। ਗਾਇਕ ਜਸਮੇਰ ਮੀਆਂਪੁਰੀ ਨੇ ਕਿਹਾ ਕਿ ਸਰਕਾਰ ਦੀ ਬੇਰੁਖ਼ੀ ਕਾਰਨ ਬਿੰਦਰਖੀਆ ਦੇ ਪ੍ਰਸੰਸਕ ਮਾਯੂਸ ਹਨ।

ਪਿੰਡ ਦੇ ਸਰਪੰਚ ਮੇਵਾ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਇਸ ਗਾਇਕ ਦੇ ਪ੍ਰਸੰਸਕਾਂ ਦੇ ਸਹਿਯੋਗ ਨਾਲ ਮਰਹੂਮ ਗਾਇਕ ਦੀ ਯਾਦ ਵਿੱਚ ਸਭਿਆਚਾਰਕ ਪ੍ਰੋਗਰਾਮ ਕਰਾਏ ਜਾਂਦੇ ਹਨ ਪਰ ਭੋਗ ਮੌਕੇ ਨਾਮਵਰ ਗਾਇਕਾਂ ਵੱਲੋਂ ਸਭਿਆਚਾਰਕ ਮੇਲੇ ਵਿੱਚ ਸਹਿਯੋਗ ਦੇਣ ਦੇ ਕੀਤੇ ਵਾਅਦੇ ਫੋਕੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਨੇ ਪਿਛਲੇ ਸਾਲ ਮਰਹੂਮ ਗਾਇਕ ਦੀ ਯਾਦ ਵਿੱਚ ਬੱਸ ਅੱਡਾ ਬਣਾਉਣ ਲਈ ਇਕ ਲੱਖ ਰੁਪਏ ਦੀ ਗਰਾਂਟ ਦਿੱਤੀ ਸੀ, ਜਿਸ ਨਾਲ ਅੱਧੀ ਉਸਾਰੀ ਹੀ ਹੋਈ ਹੈ।



Archive

RECENT STORIES