Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਗਦੀਸ਼ ਭੋਲਾ ਦੇ ਵਿਦੇਸ਼ਾਂ ਵਿਚਲੇ ਸੰਪਰਕਾਂ ਦਾ ਪੁਲੀਸ ਨੇ ਖ਼ੁਰਾ ਨੱਪਿਆ - 32 ਪਰਵਾਸੀ ਭਾਰਤੀਆਂ ਬਾਰੇ ਮਿਲੀ ਵੇਰਵੇ ਸਹਿਤ ਜਾਣਕਾਰੀ

Posted on November 17th, 2013



ਪਟਿਆਲਾ- ਪੰਜਾਬ ਪੁਲੀਸ ਦੇ ਬਰਤਰਫ ਡੀਐਸਪੀ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪਹਿਲਵਾਨ ਜਗਦੀਸ਼ ਭੋਲਾ ਦੀ ਗ੍ਰਿਫਤਾਰੀ ਤੋਂ ਇਕ ਹਫਤਾ ਬਾਅਦ ਬਹੁਕਰੋੜੀ ਡਰੱਗਜ਼ ਸਮੱਗਲਿੰਗ ਸਕੈਂਡਲ ਵਿਚ ਸ਼ਾਮਲ 50 ਸ਼ੱਕੀ ਪਰਵਾਸੀ ਭਾਰਤੀਆਂ ਵਿਚੋਂ ਦੋ ਦਰਜਨ ਤੋਂ ਵੱਧ ਬਾਰੇ ਜਾਣਕਾਰੀ ਹਾਸਲ ਕਰਨ ’ਚ ਪਟਿਆਲਾ  ਪੁਲੀਸ ਕਾਮਯਾਬ ਹੋ ਗਈ ਹੈ। ਅੱਜ ਤੱਕ ਵੀ ਜਗਦੀਸ਼ ਸਿੰਘ ਭੋਲਾ ਤੇ ਉਸ ਦੇ ਸਾਥੀ ਖੁਦ ਨੂੰ ਡਰੱਗਜ਼ ਦੇ ਧੰਦੇ ਵਿਚ ਫਸਾਇਆ ਦੱਸ ਕੇ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਯਤਨਸ਼ੀਲ ਹਨ। ਹੁਣ ਤੱਕ 5000 ਕਰੋੜ ਦੇ ਡਰੱਗਜ਼ ਦੇ ਧੰਦੇ ਤੋਂ ਪੁਲੀਸ ਪਰਦਾ ਉਠਾਉਣ ਵਿਚ ਕਾਮਯਾਬ ਹੋਈ ਹੈ। ਪੁਲੀਸ ਰਾਜਸੀ ਖੇਤਰ ਨਾਲ ਸਬੰਧਤ ਜੁੜੇ ਦੋ ਵਿਅਕਤੀਆਂ ਦੇ ਸ਼ਹਾਨਾ ਅੰਦਾਜ਼ ਵਿਚ ਜੀਵਨ ਬਸਰ ਕਰਨ ਨੂੰ ਦੇਖਦਿਆਂ ਉਨ੍ਹਾਂ ਦੇ ਪਿਛੋਕੜ ਦੀ ਵੀ ਪੜਤਾਲ ਕਰਨ ’ਚ ਲੱਗੀ ਹੈ। ਪੁਲੀਸ ਵਿਭਾਗ ਵਿਚਲੇ ਉੱਚ ਭਰੋਸੇਯੋਗ ਸੂਤਰਾਂ ਦੇ ਅਨੁਸਾਰ ਹੁਣ ਤੱਕ 32 ਪਰਵਾਸੀ ਭਾਰਤੀਆਂ ਦੇ ਪਿੰਡਾਂ ਦੇ ਪਤੇ, ਟਿਕਾਣਿਆਂ ਬਾਰੇ ਪਤਾ ਲੱਗ ਚੁੱਕਾ ਹੈ, ਜਿਨ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਧੰਦੇ ਵਿਚ ਜਗਦੀਸ਼ ਭੋਲਾ ਨਾਲ ਜੁੜੇ ਹੋਣ ਦੀ ਪੁਸ਼ਟੀ ਹੋਈ ਹੈ। 

ਸੂਤਰਾਂ ਦੇ ਅਨੁਸਾਰ ਨਸ਼ਿਆਂ ਦੇ ਧੰਦੇ ਵਿਚ ਪੱਕੇ ਪੈਰੀਂ ਸਥਾਪਤ ਹੋਣ ਲਈ ਜਗਦੀਸ਼ ਭੋਲਾ ਨੇ ਵੀਅਤਨਾਮ ਤੇ ਚੀਨ ਤੋਂ ਸਿੱਖ ਕੇ ਆਏ ਪਰਵਾਸੀ ਭਾਰਤੀਆਂ ਦੀ ਮਦਦ ਲਈ ਤੇ ਇਹ ਲੋਕ ਵਿਦੇਸ਼ਾਂ ਵਿਚ ਸਥਾਪਤ ਹੋ ਚੁੱਕੇ ਹਨ ਤੇ ਡਰੱਗਜ਼ ਦੇ ਧੰਦੇ ਨਾਲ ਜੁੜੇ ਹੋਏ ਹਨ। ਇਨ੍ਹਾਂ ਮਾਹਿਰਾਂ ਨੇ ਨਸ਼ੀਲੇ ਪਦਾਰਥਾਂ ਨੂੰ ਖੋਜੀ ਕੁੱਤਿਆਂ, ਐਕਸਰੇ, ਸਕੈਨਰਾਂ ਤੋਂ ਬਚਾਉਣ ਲਈ ਵਿਸ਼ੇਸ਼ ਕਾਗਜ਼ਾਂ ਵਿਚ ‘ਏਅਰਟਾਈਟ’ ਪੈਕਿੰਗ ਕਰਨੀ ਸਿਖਾਈ। ਇਨ੍ਹਾਂ ਪਰਵਾਸੀ ਭਾਰਤੀਆਂ ਦੇ ਨਾਂ ਅਤਿ  ਅਹਿਮ ਹਨ ਤੇ ਇਹ ਅਕਸਰ ਪੰਜਾਬ ਵਿਚ ਆਪਣੇ ਪਿੰਡਾਂ ਵਿਚ ਆ ਕੇ ਮਹੀਨਿਆਂ ਤੱਕ ਰਹਿੰਦੇ ਤੇ ਪਰਉਪਕਾਰੀ ਕੰਮ ਤੇ ਖੇਡ ਮੇਲੇ ਕਰਵਾ ਕੇ ਆਪਣੀ ਟੌਹਰ ਬਣਾਉਂਦੇ ਹਨ। ਪਟਿਆਲਾ ਦੇ ਐਸਐਸਪੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਪੜਤਾਲ ਦੌਰਾਨ ਗ੍ਰਿਫਤਾਰ ਕੀਤੇ ਜਾਣ ਵਾਲੇ 50 ਸ਼ੱਕੀਆਂ ਵਿਚੋਂ 32 ਪਰਵਾਸੀ ਭਾਰਤੀਆਂ ਦੀ ਪਛਾਣ ਹੋ ਚੁੱਕੀ ਹੈ ਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਰੂਪੇਸ਼ ਹੋ ਗਏ ਹਨ ਤੇ ਜਿਨ੍ਹਾਂ ਦੇਸ਼ਾਂ ਵਿਚ ਰਹਿੰਦੇ ਸਨ, ਉਥੋਂ ਲਾਪਤਾ ਹਨ। ਇਨ੍ਹਾਂ ਦੇ ਨਾਂ ਪੁਲੀਸ ਕੋਲ ਹਨ ਤੇ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਇੰਟਰਪੋਲ ਤੇ ਹੋਰ ਏਜੰਸੀਆਂ ਦੀ ਸਹਾਇਤਾ ਲਈ ਜਾਵੇਗੀ। ਇਹ ਲੋਕ ਉੱਤਰੀ ਅਮਰੀਕਾ, ਕੈਨੇਡਾ ਤੇ ਯੂਰਪ ਦੇ ਕੁਝ ਦੇਸ਼ਾਂ ਤੱਕ ਫੈਲੇ ਹੋਏ ਹਨ। 

ਮਾਨ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੇ ਦੱਸਿਆ ਹੈ ਕਿ ਕਿਵੇਂ ਪਿਛਲੇ ਕਈ ਸਾਲ ਤੋਂ ਬੱਦੀ ਵਿਖੇ ਨਸ਼ੇ ਤਿਆਰ ਕਰਕੇ ਯੋਜਨਾਬੱਧ ਢੰਗ ਨਾਲ ਦੇਸ਼ ਭਰ ਵਿਚ ਭੇਜੇ ਜਾਂਦੇ ਸਨ ਅਤੇ ਫਿਰ ਕੁਝ ਚੋਣਵੇਂ ਲੋਕਾਂ ਦੇ ਰਾਹੀਂ ਵਿਦੇਸ਼ਾਂ ਨੂੰ ਸਪਲਾਈ ਕੀਤੇ ਜਾਂਦੇ ਸਨ। ਇਸ ਤੋਂ ਇਲਾਵਾ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਝਾਮਪੁਰ ਦੇ ਇਕ ਸ਼ੈੱਲਰ ਦਾ ਵੀ ਪਤਾ ਲਾਇਆ ਹੈ, ਜਿੱਥੇ ਨਸ਼ੇ ਤਿਆਰ ਕੀਤੇ ਜਾਂਦੇ ਸਨ ਤੇ ਇਸ ਦੀ ਇਕ ਇਕਾਈ ਪਟਿਆਲਾ ਵਿਚ ਵੀ ਸੀ।

ਐਸਐਸਪੀ ਅਨੁਸਾਰ ਹੁਣ ਤਕ ਨਸ਼ਿਆਂ ਦੀ ਤਸੱਕਰੀ ਦੇ ਦੋਸ਼ ਵਿਚ ਜਗਦੀਸ਼ ਭੋਲਾ, ਅੰਮ੍ਰਿਤਸਰ ਦਾ ਸਰਬਜੀਤ ਸਿੰਘ ਸਾਬਾ, ਤਰਨ ਤਾਰਨ ਦੇ ਹਰਪ੍ਰੀਤ ਸਿੰਘ ਤੇ ਬਲਜਿੰਦਰ ਸਿੰਘ, ਸੋਨੀਪਤ ਦਾ ਰਵਿੰਦਰ ਸਿੰਘ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਤੋਂ ਹਾਸਲ ਕੀਤੀ ਜਾਣਕਾਰੀ ਬਾਅਦ ਅੰਮ੍ਰਿਤਸਰ ਦਾ ਜਗਜੀਤ ਸਿੰਘ ਚਾਹਲ ਜੋ ਪਠਾਨਕੋਟ ਤੇ ਬੱਦੀ ਵਿਖੇ ਦਵਾਈਆਂ ਬਣਾਉਣ  ਵਾਲੀਆਂ ਫੈਕਟਰੀਆਂ ਦਾ ਮਾਲਕ ਹੈ ਅਤੇ ਅਕਾਲੀ ਆਗੂ ਮਨਿੰਦਰ ਸਿੰਘ ਬਿੱਟੂ ਔਲਖ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿਚੋਂ ਦੋ ਅੰਮ੍ਰਿਤਸਰ ਵਿਚ ਵੱਡੇ ਪੱਧਰ ’ਤੇ ਝਗੜੇ ਵਾਲੀਆਂ ਜਾਇਦਾਦਾਂ ਬੇਨਾਮੀ ਪੱਧਰ ਉਤੇ ਖਰੀਦਣ ’ਚ ਵੀ ਸਰਗਰਮ ਹਨ ਤੇ ਜੇ ਜਾਂਚ ਸਹੀ ਢੰਗ ਨਾਲ ਕੀਤੀ ਜਾਂਦੀ ਹੈ ਤਾਂ ਕਈ ਵੱਡੇ ਰਾਜਸੀ ਆਗੂਆਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।

ਉਨ੍ਹਾਂ ਦੱਸਿਆ ਕਿ 1993 ਵਿਚ ਜਗਜੀਤ ਸਿੰਘ ਚਾਹਲ ਵੱਲੋਂ ਡਿਪਲੋਮਾ ਇਨ ਹੋਮਿਓਪੈਥਿਕ ਮੈਡੀਸਨ (ਡੀਐਚਐਮਐਸ) ਹਾਸਲ ਕੀਤਾ ਗਿਆ ਸੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਸਬੰਧਤ ਅਥਾਰਟੀ ਤੋਂ ਇਸ ਦੀ ਪੜਤਾਲ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਚਾਹਲ ਦੇ ਸ਼ਾਹੀ ਠਾਠ ਨਾਲ ਜੀਵਨ ਬਸਰ ਕਰਨ ਬਾਰੇ ਖਾਸ ਗੱਲ ਇਹ ਪਤਾ ਲੱਗੀ ਹੈ ਕਿ ਉਹ ਇਕ ਅੰਕ ਵਾਲੀਆਂ ਗੱਡੀਆਂ ਤੇ ਟੈਲੀਫੋਨ ਵਰਤਣ ਦਾ ਸ਼ੌਕੀਨ ਸੀ। ਅਜੇ ਪੜਤਾਲ ਜਾਰੀ ਹੈ

ਤਸਕਰ ਜਗਦੀਸ਼ ਭੋਲਾ ਦੇ ਗਰੋਹ ਵੱਲੋਂ ਹਥਿਆਰਾਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਉਣ ’ਤੇ ਪੁਲੀਸ ਵੱਲੋਂ ਇਸ ਪਾਸੇ ਵੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਕਿਉਂਕਿ ਪਾਕਿਸਤਾਨ ਤੋਂ ਸਰਹੱਦ ਰਾਹੀਂ ਆਉਂਦੇ ਛੋਟੇ ਹਥਿਆਰਾਂ ਨੂੰ ਗਰੋਹ ਦੇ ਮੈਂਬਰ ਅਸਲਾ ਡੀਲਰਾਂ ਅਤੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਾਅਲੀ ਦਸਤਾਵੇਜ਼ਾਂ ਤਹਿਤ ਅੱਗੇ ਗਾਹਕਾਂ ਨੂੰ ਜਾਇਜ਼ ਹਥਿਆਰਾਂ ਵਜੋਂ ਵੇਚ ਦਿੰਦੇ ਸਨ। ਐਸਐਸਪੀ ਹਰਦਿਆਲ ਸਿੰਘ ਮਾਨ ਦਾ ਕਹਿਣਾ ਹੈ ਕਿ ਇਸ ਸਬੰਧੀ ਡੂਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।



Archive

RECENT STORIES