Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੁੜ ਗਰਮਾਇਆ ਗੁਰਦੁਆਰਾ ਗਿਆਨ ਗੋਦੜੀ ਦਾ ਵਿਵਾਦ

Posted on November 18th, 2013


ਹਰਿਦੁਆਰ : ਹਰਿ ਕੀ ਪਾਉੜੀ 'ਤੇ ਗਿਆਨ ਗੋਦੜੀ ਗੁਰਦੁਆਰਾ ਬਣਾਉਣ ਦਾ ਮਾਮਲਾ ਇਕ ਵਾਰ ਮੁੜ ਗਰਮਾ ਗਿਆ ਹੈ। ਗੁਰਪੁਰਬ ਮੌਕੇ ਹਰਿ ਕੀ ਪਾਉੜੀ ਕੂਚ ਕਰ ਰਹੇ ਸਿੱਖਾਂ ਦੇ ਜੱਥਿਆਂ ਅਤੇ ਪੁਲਸ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ। ਭਾਰੀ ਗਿਣਤੀ 'ਚ ਪੁਲਸ ਬਲ ਤਾਇਨਾਤ ਹੋਣ ਕਾਰਨ ਜੱਥੇ ਹਰਿ ਕੀ ਪਾਉੜੀ ਨਾ ਪੁੱਜ ਸਕੇ। ਇਸ ਦੌਰਾਨ ਪ੍ਰਦਰਸ਼ਨ ਕਰ ਰਹੇ 46 ਵਿਅਕਤੀਆਂ ਨੇ ਸੰਕੇਤਕ ਗਿ੍ਰਫ਼ਤਾਰੀ ਵੀ ਦਿੱਤੀ। ਬਾਅਦ 'ਚ ਆਲ ਇੰਡੀਆ ਸਿੱਖ ਕਾਨਫਰੰਸ ਦੇ ਮੁਖੀ ਗੁਰਚਰਨ ਸਿੰਘ ਬੱਬਰ ਨੇ ਦੱਸਿਆ ਕਿ ਗੁਰਪੁਰਬ ਦਾ ਦਿਨ ਹੋਣ ਕਾਰਨ ਹਰਿ ਕੀ ਪਾਉੜੀ 'ਤੇ ਭਾਰੀ ਭੀੜ ਹੈ। ਅਜਿਹੇ ਹਾਲਾਤ 'ਚ ਪੁਲਸ ਪ੍ਰਸ਼ਾਸਨ ਨਾਲ ਟਕਰਾਅ ਟਾਲਣ ਲਈ ਅਸੀਂ ਵਾਪਸ ਮੁੜ ਰਹੇ ਹਾਂ। 

ਪਿਛਲੇ ਸਾਲ ਵਾਂਗ ਇਸ ਵਾਰ ਵੀ ਗੁਰਪੁਰਬ 'ਤੇ ਆਲ ਇੰਡੀਆ ਸਿੱਖ ਕਾਨਫਰੰਸ ਨੇ ਹਰਿ ਕੀ ਪਾਉੜੀ 'ਤੇ ਅਰਦਾਸ ਕਰਨ ਤੇ ਲੰਗਰ ਲਾਉਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਸ਼ਨਿਚਰਵਾਰ ਦੀ ਸ਼ਾਮ ਵੱਡੀ ਗਿਣਤੀ 'ਚ ਪੰਜਾਬ, ਦਿੱਲੀ ਅਤੇ ਹਰਿਆਣਾ ਤੋਂ ਸਿੱਖਾਂ ਦੇ ਜੱਥੇ ਕਨਖਲ ਸਥਿਤ ਗੁਰਦੁਆਰਾ ਨਿਰਮਲ ਵਿਰਕਤ ਕੁਟੀਆ 'ਚ ਇਕੱਠੇ ਹੋਏ। ਹਾਲਾਤ ਦੀ ਗੰਭੀਰਤਾ ਦੇ ਮੱਦੇਨਜ਼ਰ ਗੁਰਦੁਆਰੇ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਭਾਰੀ ਪੁਲਸ ਬਲ ਤਾਇਨਾਤ ਕੀਤੇ ਗਏ ਸਨ। ਐਤਵਾਰ ਸਵੇਰੇ ਨਿਸ਼ਾਨ ਸਾਹਿਬ ਲੈ ਕੇ ਜੱਥਿਆਂ 'ਚ ਸ਼ਾਮਲ ਸਿੱਖ ਜੈਕਾਰੇ ਗੁੰਜਾਉਂਦੇ ਹੋਏ ਗੁਰਦੁਆਰੇ ਦੇ ਗੇਟ 'ਤੇ ਜਮ੍ਹਾਂ ਹੋਏ ਸਨ। ਇੱਥੇ ਪੁਲਸ ਨੇ ਉਨ੍ਹਾਂ ਨੂੰ ਕੂਚ ਕਰਨ ਤੋਂ ਰੋਕ ਦਿੱਤਾ। ਐਸਪੀ ਸਿਟੀ ਐਸਐਸ ਪੰਵਾਰ ਦਾ ਕਹਿਣਾ ਸੀ ਕਿ ਹਰਿ ਕੀ ਪਾਉੜੀ 'ਤੇ ਪ੍ਰੋਗਰਾਮ ਲਈ ਪ੍ਰਵਾਨਗੀ ਨਹੀਂ ਲਈ ਗਈ ਇਸ ਲਈ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ। ਇਸ 'ਤੇ ਦੋਵਾਂ ਧਿਰਾਂ ਵਿਚਾਲੇ ਤਿੱਕੀ ਨੋਕਝੋਕ ਹੋਈ। ਲੋਕ ਗੁਰਦੁਆਰੇ ਦੇ ਗੇਟ 'ਤੇ ਬੈਠ ਕੇ ਕੀਰਤਨ ਕਰਨ ਲੱਗੇ। ਕਰੀਬ ਡੇਢ ਘੰਟੇ ਤਕ ਇਹੀ ਸਥਿਤੀ ਰਹੀ। ਇਸ ਤੋਂ ਬਾਅਦ ਐਸਪੀ ਅਤੇ ਸਿੱਖ ਕਾਨਫਰੰਸ ਦੇ ਵਫ਼ਦ ਵਿਚਕਾਰ ਗੱਲਬਾਤ ਹੋਈ। ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਨਫਰੰਸ ਦੇ ਪ੍ਰਧਾਨ ਨੇ ਦੱਸਿਆ ਕਿ ਭਵਿੱਖ ਵਿਚ ਗੁਰਦੁਆਰੇ ਦੇ ਨਿਰਮਾਣ ਦੀ ਲੜਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹਰਿਆਣਾ ਦੇ ਮੁੱਖੀ ਜਥੇਦਾਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਲੜੀ ਜਾਵੇਗੀ।




Archive

RECENT STORIES