Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਰਿਦੁਆਰ ਵਿਖੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਜਾਂਦੇ ਸਿੱਖਾਂ ਤੇ ਲਾਠੀਚਾਰਜ, ਗ੍ਰਿਫਤਾਰ ਤੇ ਰਿਹਾਅ

Posted on November 19th, 2013


ਮੱਕੜ ਨੇ ਕੀਤੀ ਉਤਰਾਖੰਡ ਸਰਕਾਰ ਦੀ ਨਿਖੇਧੀ, ਜਥੇਦਾਰ ਅਕਾਲ ਤਖਤ ਖਾਮੋਸ਼

ਅੰਮ੍ਰਿਤਸਰ 18 ਨਵੰਬਰ (ਜਸਬੀਰ ਸਿੰਘ) ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਮੁੱਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦੀ ਅਗਵਾਈ ਹੇਠ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਨਾਲ ਸੰਬਧਿਤ ਮਹਾਨ ਪਵਿੱਤਰ ਅਸਥਾਨ ਤੇ ਸਦੀਆਂ ਪੁਰਾਣਾ ਇਤਿਹਾਸਕ ਗੁਰਦੁਆਰਾ ਸ਼੍ਰੀ ਗਿਆਨ ਗੋਦੜੀ ਸਾਹਿਬ ਹਰਿ ਕੀ ਪਉੜੀ ਹਰਿਦੁਆਰ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਰਵਾਨਾ ਹੋਏ ਜਥੇ ਨੂੰ ਗੁਰੂਦੁਆਰਾ ਪਾਊਟਾ ਸਾਹਿਬ ਤੋ ਅੱਗੇ ਜਾਂਦਿਆ ਹੀ ਪੁਲੀਸ ਨੇ ਸਿੱਖਾਂ ‘ਤੇ ਲਾਠੀਚਾਰਜ ਕਰ ਦਿੱਤਾ ਤੇ ਹਜਾਰਾ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਸ੍ਰੀ ਗੁਰੂ ਹਰ ਰਾਇ ਸਾਹਿਬ ਡਿਗਰੀ ਕਾਲਜ ਵਿਖੇ ਬੰਦ ਕਰ ਦਿੱਤਾ ਗਿਆ ਜਿਸ ਦੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਮੰਗ ਕੀਤੀ ਕਿ ਗ੍ਰਿਫਤਾਰ ਸਿੱਖਾਂ ਨੂੰ ਬਿਨਾਂ ਕਿਸੇ ਦੇਰੀ ਤੋ ਰਿਹਾਅ ਕੀਤਾ ਜਾਵੇ ਅਤੇ ਗਿਆਨ ਗੋਦੜੀ ਸਾਹਿਬ ਦਾ ਮਾਮਲਾ ਬਿਨਾਂ ਕਿਸੇ ਦੇਰੀ ਤੋ ਹੱਲ ਕੀਤਾ ਜਾਵੇ।

ਪਾਉਟਾ ਸਾਹਿਬ ਤੋ ਗੱਲਬਾਤ ਕਰਦਿਆ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪਹਿਲਾਂ ਹੀ ਉਲੀਕੇ ਪ੍ਰੋਗਰਾਮ ਅਨੁਸਾਰ ਅੱਜ ਸਵੇਰੇ ਹਜਾਰਾ ਦੀ ਗਿਣਤੀ ਵਿੱਚ ਸਿੱਖ ਪਾਉਟਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਜਦੋਂ ਹਰਿਦੁਆਰ ਵੱਲ ਨੂੰ ਪੰਥਕ ਜੈਕਾਰਿਆ ਦਾ ਗੂੰਜ ਵਿੱਚ ਰਵਾਨਾ ਹੋਏ ਤਾਂ ਉਤਰਾਖੰਡ ਬਾਰਡਰ ਤੇ ਹੀ ਪੁਲੀਸ ਨੇ ਸਿੱਖਾਂ ਨੂੰ ਰੋਕਣ ਬੇਰੀਕੇਟ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਿੱਖ ਸੰਗਤਾਂ ਬੇਰੀਕੇਟ ਟੱਪ ਕੇ ਅੱਗੇ ਪਹੁੰਚ ਗਈਆ ਤਾਂ ਪੁਲੀਸ ਨੇ ਸ਼ਾਤਮਈ ਜਾਪ ਕਰਦੇ ਜਾ ਰਹੇ ਸਿੱਖਾਂ ‘ਤੇ ਲਾਠੀਚਾਰਜ ਕਰ ਦਿੱਤਾ ਜਿਸ ਦੌਰਾਨ ਕਈ ਸਿੱਖ ਜਖਮੀ ਹੋਏ। ਪੁਲੀਸ ਨੇ ਹਜਾਰਾ ਦੀ ਗਿਣਤੀ ਵਿੱਚ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਕਿਹਾ ਕਿ ਜਦੋਂ ਹੋਰ ਸਿੱਖਾਂ ਦੇ ਜੱਥੇ ਆਉਣੇ ਸ਼ੁਰੂ ਹੋ ਗਏ ਤਾਂ ਉਤਰਾਖੰਡ ਸਰਕਾਰ ਨੂੰ ਹੱਥਾ ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਸ਼ਾਮ ਨੂੰ ਰਿਹਾਅ ਕਰ ਦਿੱਤਾ ਤੇ ਨਾਲ ਹੀ ਹਰਿਦੁਆਰ ਦੇ ਜਿਲ•ਾ ਮੈਜਿਸਟਰੇਟ ਨੇ ਹਰਿਦੁਆਰ ਵਿਖੇ ਸਵੇਰੇ ਅੱਜ ਵਜੇ ਤੋ ਲੈ ਕੇ ਦਸ ਵਜੇ ਤੱਕ ਕੀਰਤਨ ਕਰਨ ਦੀ ਆਗਿਆ ਦੇ ਦਿੱਤੀ ਪਰ ਇਹ ਸਥਾਨ ਗਿਆਨ ਗੋਦੜੀ ਗੁਰੂਦੁਆਰਾ ਸਾਹਿਬ ਤੋ ਡੇਢ ਕਿਲੋਮੀਟਰ ਦੀ ਦੂਰੀ ਤੇ ਬੈਰਾਗੀ ਘਾਟ ਵਿਖੇ ਸੀ। ਉਹਨਾਂ ਕਿਹਾ ਕਿ ਸੰਗਤਾਂ ਨੇ ਸਰਕਾਰ ਦੇ ਇਸ

ਸੁਝਾ ਨੂੰ ਰੱਦ ਕਰਦਿਆ ਮੰਗ ਕੀਤੀ ਕਿ ਉਹ ਸਰਕਾਰ ਵੱਲੋ ਦਿੱਤੀ ਗਈ ਆਗਿਆ ਨੂੰ ਰੱਦ ਕਰਦੇ ਹਨ ਅਤੇ ਮੰਗ ਕਰਦੇ ਹਨ ਗਿਆਨ ਗੋਦੜੀ ਵਾਲੀ ਜਗ•ਾ ਸੁਭਾਸ਼ ਘਾਟ ਤੇ ਕੀਰਤਨ ਕਰਨ ਦੀ ਉਹਨਾਂ ਨੂੰ ਆਗਿਆ ਦਿੱਤੀ ਜਾਵੇ। ਬਾਬਾ ਦਾਦੂਵਾਲ ਨੇ ਕਿਹਾ ਕਿ ਉਹਨਾਂ ਦਾ ਪ੍ਰੋਗਰਾਮ ਕੋਈ ਲੜਾਈ ਝਗੜਾ ਕਰਨਾ ਨਹੀ ਸਗੋ ਉਹ ਤਾਂ ਸਿਰਫ ਗਿਆਨ ਗੋਦੜੀ ਵਾਲੀ ਜਗ੍ਰਾ ‘ਤੇ ਜਾ ਕੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਚਾਹੁੰਦੇ ਹਨ ਪਰ ਉਤਰਾਖੰਡ ਸਰਕਾਰ ਨੇ ਜਿਹੜੀ ਧੱਕੇਸ਼ਾਹੀ ਸਿੱਖਾਂ ਤੇ ਲਾਠੀਚਾਰਜ ਕਰਕੇ ਕੀਤੀ ਹੈ ਉਹ ਸਿੱਖ ਕੌਮ ਦੇ ਸਬਰ ਨੂੰ ਸਿੱਧੇ ਰੂਪ ਵਿੱਚ ਚੈਲਿੰਜ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਸਿੱਖਾਂ ਨੂੰ ਤਾਂ ਪਾਉਟਾ ਸਾਹਿਬ ਦੇ ਗੁਰੂਦੁਆਰੇ ਤੋ ਬਾਹਰ ਨਿਕਲਦਿਆ ਹੀ ਘੇਰ ਲਿਆ ਗਿਆ ਸੀ ਤੇ ਉਹਨਾਂ ਨੂੰ ਅੱਗੇ ਨਹੀ ਵੱਧਣ ਦਿੱਤਾ ਗਿਆ। ਉਹਨਾਂ ਕਿਹਾ ਕਿ ਹਰਿ ਕੀ ਪੌੜੀ ਵਿਖੇ ਗਿਆਨ ਗੋਦੜੀ ਵਿਖੇ ਗੁਰੂ ਸਾਹਿਬ ਦਾ ਇਤਿਹਾਸਕ ਅਸਥਾਨ ਪਿਛਲੇ ਕਰੀਬ 450 ਸਾਲ ਪੁਰਾਣਾ ਹੈ ਅਤੇ ਇਸ ਨੂੰ 1984 ਦੇ ਕਾਲੇ ਦੌਰ ਦੌਰਾਨ ਕੁਝ ਸਿੱਖ ਪੰਥ ਵਿਰੋਧੀ ਤਾਕਤਾਂ ਨੇ ਖਤਮ ਕਰ ਦਿੱਤਾ ਸੀ ਜਿਸ ਦੀ ਮੁੜ ਉਸਾਰੀ ਦੀ ਸਿੱਖਾਂ ਵੱਲੋ ਮੰਗ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਹ ਸਿੱਖਾਂ ਮੰਗ ਜਾਇਜ ਵੀ ਹੈ ਅਤੇ ਕਿਸੇ ਵੀ ਕੌਮ ਦੇ ਧਾਰਮਿਕ ਅਸਥਾਨ ਨੂੰ ਢਾਹਿਆ ਨਹੀ ਜਾ ਸਕਦਾ। ਉਹਨਾਂ ਕਿਹਾ ਕਿ ਗੁਰੂਦੁਆਰੇ ਦੀ ਮੁੜ ਉਸਾਰੀ ਤੱਕ ਸੰਘਰਸ਼ ਜਾਰੀ ਰਹੇਗਾ।

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਬਾਬਾ ਦਾਦੂਵਾਲ ਦਾ ਮੁੱਦਾ ਤਾਂ ਠੀਕ ਸੀ ਪਰ ਉਸ ਨੂੰ ਜਥੇਬੰਦ ਹੋ ਕੇ ਬਾਕੀ ਸਾਰੀਆ ਪੰਥਕ ਧਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਜਾਣਾ ਚਾਹੀਦਾ ਸੀ ਪਰ ਉਹ ਇਕੱਲਾ ਚਲਾ ਗਿਆ ਜਿਸ ਕਾਰਨ ਇਹ ਘਟਨਾ ਵਾਪਰੀ ਹੈ ਫਿਰ ਵੀ ਜੇਕਰ ਉਹ ਚਲਾ ਗਿਆ ਹੈ ਤਾਂ ਉਤਰਾਖੰਡ ਸਰਕਾਰ ਵੱਲੋ ਉਸ ਨਾਲ ਕੀਤੀ ਗਈ ਵਧੀਕੀ ਬਰਦਾਸ਼ਤਯੋਗ ਨਹੀ ਹੈ। ਉਹਨਾਂ ਕਿਹਾ ਕਿ ਸ਼ਾਤਮਈ ਜਾਂਦੇ ਹੋਏ ਸਿੱਖਾਂ ਤੇ ਲਾਠੀਚਾਰਜ ਕਰਨਾ ਸੰਵਿਧਾਨਕ ਤੌਰ ਤੇ ਵੀ ਗਲਤ ਹੈ ਜਿਸਦੀ ਉਹ ਸਖਤ ਨਿਖੇਧੀ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਉਤਰਾਖੰਡ ਸਰਕਾਰ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਰਿਹਾਅ ਕਰੇ ਅਤੇ ਗਿਆਨ ਗੋਦੜੀ ਦਾ ਮਸਲਾ ਤੁਰੰਤ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਨੋਟਿਸ ਵਿੱਚ ਲਿਆ ਦਿੱਤਾ ਹੈ ਅਤੇ ਉਹਨਾਂ ਭਰੋਸਾ ਦਿਵਾਇਆ ਹੈ ਕਿ ਉਹ ਉਤਰਾਖੰਡ ਸਰਕਾਰ ਨਾਲ ਗੱਲਬਾਤ ਕਰਕੇ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਤੁਰੰਤ ਰਿਹਆ ਕਰਾਉਣ ਦੇ ਯਤਨ ਕਰ ਰਹੇ ਹਨ।

ਇਸੇ ਤਰ•ਾ ਜਦੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਹਨਾਂ ਨੇ ਇਹ ਕਹਿ ਕੇ ਟਾਲਾ ਵੱਟ ਲਿਆ ਕਿ ਉਹਨਾਂ ਨੂੰ ਬਾਬੇ ਦਾਦੂਵਾਲ ਵੱਲੋ ਜੱਥਾ ਲੈ ਕੇ ਜਾਣ ਬਾਰੇ ਕੋਈ ਜਾਣਕਾਰੀ ਨਹੀ ਹੈ। ਉਹਨਾਂ ਕਿਹਾ ਕਿ ਉਹ ਘਟਨਾ ਦੀ ਜਾਣਕਾਰੀ ਲੈਣ ਤੋ ਉਪਰੰਤ ਹੀ ਕੋਈ ਬਿਆਨ ਦੇ ਸਕਣਗੇ। ਦੂਸਰੀ ਵਾਰੀ ਜਦੋਂ ਉਹਨਾਂ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹ ਮੀਟਿੰਗ ਵਿੱਚ ਮਸਰੂਫ ਹਨ। ਇਸੇ ਤਰ•ਾ ਤੀਸਰੀ ਵਾਰੀ ਫੋਨ ਕਰਨ ਤੇ ਉਹਨਾਂ ਦੇ ਕਿਸੇ ਕਰਿੰਦੇ ਨੇ ਫੋਨ ਚੁੱਕਿਆ ਤੇ ਇਹ ਕਹਿ ਕੇ ਫੋਨ ਬੰਦ ਕਰ ਦਿੱਤਾ ਕਿ ਜਥੇਦਾਰ ਸਾਹਿਬ ਸਮਾਗਮ ਵਿੱਚ ਬੈਠੇ ਹਨ, ਇਸ ਲਈ ਉਹਨਾਂ ਨਾਲ ਗੱਲਬਾਤ ਨਹੀ ਹੋ ਸਕਦੀ।




Archive

RECENT STORIES