Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਵਾਰਾ ਨਾਲ ਜੁੜੇ ਚਾਰ 'ਅੱਤਵਾਦੀ' ਜਲੰਧਰ ਤੋਂ ਗਿ੍ਫ਼ਤਾਰ ਕਰਨ ਦਾ ਦਾਅਵਾ

Posted on November 20th, 2013

<p>ਇੰਗਲੈਂਡ ਨਿਵਾਸੀ ਜਸਵੰਤ ਸਿੰਘ ਸੰਦਰਲੈਂਡ, ਜੋ ਕਿ ਬੀਤੇ ਹਫਤੇ ਹੀ ਜ਼ਮਾਨਤ 'ਤੇ ਜੇਲ੍ਹ 'ਚੋਂ ਰਿਹਾਅ ਹੋਏ ਹਨ<br></p>


ਜਲੰਧਰ : ਭੋਗਪੁਰ ਨੇੜਲੇ ਪਿੰਡ ਦੂਹੜਾ 'ਚ ਛਾਪਾ ਮਾਰ ਕੇ ਪੁਲਸ ਨੇ 'ਦੇਸ਼ ਵਿਰੋਧੀ ਸਰਗਰਮੀਆਂ' 'ਚ ਸ਼ਾਮਲ ਚਾਰ ਸ਼ੱਕੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਸ ਨੇ ਅਜੇ ਚਾਰਾਂ ਤੋਂ ਕੋਈ ਸ਼ੱਕੀ ਸਾਮਾਨ ਜਾਂ ਫਿਰ ਅਸਲਾ-ਬਾਰੂਦ ਬਰਾਮਦ ਨਹੀਂ ਕੀਤਾ ਪਰ ਖ਼ੁਲਾਸਾ ਹੋਇਆ ਹੈ ਕਿ ਚਾਰਾਂ ਦੇ ਤਾਰ ਜਗਤਾਰ ਸਿੰਘ ਹਵਾਰਾ ਨਾਲ ਜੁੜੇ ਹਨ, ਜੋ ਬੁੜੈਲ ਜੇਲ੍ਹ 'ਚ ਬੰਦ ਸੀ। 

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਕਈ ਸ਼ਹਿਰਾਂ ਦੇ ਧਾਰਮਿਕ ਅਸਥਾਨ ਅਤੇ ਮਸ਼ਹੂਰ ਲੋਕਾਂ ਨੂੰ ਜੋ ਧਮਕੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਅੰਜਾਮ ਦੇਣ 'ਚ ਉਕਤ ਚਾਰਾਂ ਨੇ ਪੰਜਾਬ 'ਚ ਵਾਰਦਾਤਾਂ ਕਰਨੀਆਂ ਸਨ। ਭੋਗਪੁਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨੇੜਲੇ ਪਿੰਡ ਦੂਹੜਾ ਵਾਸੀ ਜਸਵੰਤ ਸਿੰਘ (ਇੰਗਲੈਂਡ ਨਿਵਾਸੀ ਜਸਵੰਤ ਸਿੰਘ ਸੰਦਰਲੈਂਡ, ਜੋ ਕਿ ਬੀਤੇ ਹਫਤੇ ਹੀ ਜ਼ਮਾਨਤ 'ਤੇ ਜੇਲ੍ਹ 'ਚੋਂ ਰਿਹਾਅ ਹੋਏ ਹਨ) ਦੇ ਘਰ ਤਿੰਨ ਹੋਰ 'ਦੇਸ਼ ਵਿਰੋਧੀ ਸਰਗਰਮੀਆਂ' 'ਚ ਸ਼ਾਮਿਲ ਰਹੇ ਸ਼ੱਕੀ 'ਅੱਤਵਾਦੀਆਂ' ਨੇ ਸ਼ਰਨ ਲਈ ਹੋਈ ਹੈ। ਪੁਲਸ ਨੇ ਉਥੇ ਛਾਪਾਮਾਰੀ ਕਰਕੇ ਜਸਵੰਤ ਸਿੰਘ ਸਣੇ ਬਲਵੰਤ ਸਿੰਘ ਪੁੱਤਰ ਰੂੜ ਸਿੰਘ ਵਾਸੀ ਜੱਲੋਵਾਲ, ਕਸ਼ਮੀਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਜੰਡਿਆਲਾ ਮੰਜਕੀ ਅਤੇ ਕੁਲਵਿੰਦਰ ਸਿੰਘ ਪੇੜਾ ਨੂੰ ਕਾਬੂ ਕਰ ਲਿਆ। ਪੁਲਸ ਨੇ ਜਸਵੰਤ ਸਿੰਘ ਦੇ ਘਰ ਤਲਾਸ਼ੀ ਵੀ ਲਈ ਪਰ ਉਥੋਂ ਕੋਈ ਅਸਲਾ ਜਾ ਫਿਰ ਕੋਈ ਸ਼ੱਕੀ ਸਾਮਾਨ ਜਾਂ ਕੋਈ ਦਸਤਾਵੇਜ਼ ਬਰਾਮਦ ਨਾ ਹੋਇਆ। ਪੁਲਸ ਨੇ ਚਾਰਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੰਜ ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਫਿਲਹਾਲ ਪੁਲਸ ਇਸ ਮਾਮਲੇ 'ਚ ਕੂਝ ਬੋਲਣ ਨੂੰ ਤਿਆਰ ਨਹੀਂ ਪਰ ਪੁਲਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ 'ਸ਼ੱਕੀ ਅੱਤਵਾਦੀਆਂ' ਤੋਂ ਅਸਲਾ ਅਤੇ ਸ਼ੱਕੀ ਸਾਮਾਨ ਬਰਾਮਦ ਕੀਤਾ ਜਾ ਸਕਦਾ ਹੈ। 

ਦੱਸਿਆ ਜਾ ਰਿਹਾ ਹੈ ਕਿ ਉਕਤ ਚਾਰੇ 'ਸ਼ੱਕੀ ਅੱਤਵਾਦੀਆਂ' ਖ਼ਿਲਾਫ ਪਹਿਲਾਂ ਵੀ ਦੇਸ਼ ਵਿਰੋਧੀ ਸਰਗਰਮੀਆਂ 'ਚ ਹਿੱਸਾ ਲੈਣ ਦੇ ਮਾਮਲੇ ਦਰਜ ਸਨ। ਇਹ ਜੇਲ੍ਹ 'ਚੋਂ ਫਰਵਰੀ 2011 ਨੂੰ ਜ਼ਮਾਨਤ 'ਤੇ ਆਏ ਸਨ। ਬੁੜੈਲ ਜੇਲ੍ਹ 'ਚ ਬੰਦ ਚਾਰਾਂ ਵਿਅਕਤੀਆਂ ਦਾ ਮੇਲ ਜਗਤਾਰ ਸਿੰਘ ਹਵਾਰਾ ਨਾਲ ਹੋਇਆ ਸੀ ਅਤੇ ਵਿਦੇਸ਼ 'ਚ ਬੈਠੇ ਮੁਖੀਆਂ ਨਾਲ ਉਨ੍ਹਾਂ ਦੇ ਸੰਪਰਕ ਕਰਵਾ ਕੇ ਫੰਡ ਦਾ ਇੰਤਜ਼ਾਮ ਵੀ ਕਰਵਾਏ ਜਾ ਚੁੱਕੇ ਹਨ। 

ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਉਕਤ ਚਾਰਾਂ ਸ਼ੱਕੀ ਵਿਅਕਤੀਆਂ ਨੂੰ ਪੰਜਾਬ 'ਚ ਦੁਬਾਰਾ ਹਾਹਾਕਾਰ ਮਚਾਉਣ ਦਾ ਕੰਮ ਦਿੱਤਾ ਗਿਆ ਸੀ ਜਦਕਿ ਜੇਲ੍ਹ ਤੋਂ ਬਾਹਰ ਜਾ ਕੇ  ਜਗਤਾਰ ਸਿੰਘ ਹਵਾਰਾ ਦੇ ਨਿਰਦੇਸ਼ਾਂ 'ਤੇ ਸਲੀਪਰ ਸੈੱਲ ਨੂੰ ਜਗਾਉਣ ਅਤੇ ਉਨ੍ਹਾਂ ਤੋਂ ਆਪਣਾ ਕੰਮ ਕਰਵਾਉਣ ਦਾ ਜ਼ਿੰਮਾ ਸੌਂਪਿਆ ਗਿਆ। ਹਵਾਰਾ ਨੇ ਜੇਲ੍ਹ 'ਚ ਬੈਠ ਕੇ ਵਿਦੇਸ਼ ਬੈਠੇ ਫਾਊਂਡੇਸ਼ਨ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਸੈਟਿੰਗ ਕਰਵਾਈ। 

ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੁਲਸ ਚਾਰਾਂ ਦੀ ਬੈਂਕ ਡਿਟੇਲ ਵੀ ਕਢਵਾਏਗੀ, ਜਿਸ ਤੋਂ ਖ਼ੁਲਾਸਾ ਹੋਵੇਗਾ ਕਿ ਕਿੰਨੀ ਕੁ ਰਕਮ ਉਨ੍ਹਾਂ ਨੂੰ ਵਿਦੇਸ਼ ਤੋਂ ਭੇਜੀ ਗਈ ਹੈ। ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਕਈ ਧਾਰਮਿਕ ਅਸਥਾਨ, ਰੇਲਵੇ ਸਟੇਸ਼ਨ, ਸ਼ਾਪਿੰਗ ਮਾਲ ਅਤੇ ਬਹੁਚਰਚਿਤ ਲੋਕਾਂ ਨੂੰ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਚਾਰੇ ਉਨ੍ਹਾਂ ਧਮਕੀਆਂ ਨੂੰ ਹਕੀਕਤ 'ਚ ਬਦਲਣ ਦੀ ਤਾਕ 'ਚ ਸਨ। ਰਿਮਾਂਡ ਦੌਰਾਨ ਪੁਲਸ ਕਈ ਹੋਰ ਖ਼ੁਲਾਸੇ ਕਰ ਸਕਦੀ ਹੈ।



Archive

RECENT STORIES