Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

'ਨਸ਼ਾ ਕਾਂਡ' ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਚਾਰ ਸਿੱਖ ਗ੍ਰਿਫਤਾਰ ਕੀਤੇ ਗਏ- ਡੱਲੇਵਾਲ

Posted on November 20th, 2013


ਲੰਡਨ- ਜਲੰਧਰ ਪੁਲਿਸ ਵਲੋਂ ਇੰਗਲੈਂਡ ਨਿਵਾਸੀ ਜਸਵੰਤ ਸਿੰਘ ਅਜ਼ਾਦ, ਕੁਲਵਿੰਦਰ ਸਿੰਘ ਪੇੜਾ, ਬਲਵੰਤ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਬੇਵਜ੍ਹਾ ਗ੍ਰਿਫਤਾਰ ਕੀਤਾ ਗਿਆ ਹੈ। ਯੂਨਾਈਟਿਡ ਖਾਲਸਾ ਦਲ ਯੂ ਕੇ ਵਲੋਂ ਪੁਲਿਸ ਦੀ ਇਸ ਜ਼ਾਬਰਾਨਾ ਹਰਕਤ ਦਾ ਵਿਰੋਧ ਕਰਦਿਆਂ ਇਸ ਦੀ ਸਖਤ ਨਿਖੇਧੀ ਕੀਤੀ ਗਈ ਹੈ। ਪੁਲਿਸ ਦੇ ਇਸ ਜ਼ਬਰ ਨੂੰ ਸਿਆਸੀ ਸ਼ਤਰੰਜ ਦਾ ਹਿੱਸਾ ਕਰਾਰ ਦਿੱਤਾ ਗਿਆ ਹੈ। ਜਸਵੰਤ ਸਿੰਘ ਅਜ਼ਾਦ ਦੀ ਇੱਕ ਸਾਲ ਤੋਂ ਵੱਧ ਸਮਾਂ ਜੇਲ੍ਹ ਵਿੱਚ ਬੰਦ ਰਹਿਣ ਮਗਰੋਂ ਨਵੰਬਰ ਦੇ ਸ਼ੁਰੂ ਵਿੱਚ ਹੀ ਜ਼ਮਾਨਤ 'ਤੇ ਰਿਹਾਈ ਹੋਈ ਹੈ, ਦਸ ਦਿਨਾਂ ਵਿੱਚ ਉਸ ਨੇ ਕਿਹੜੀ ਦੇਸ਼ ਵਿਰੋਧੀ ਕਾਰਵਾਈ ਕਰ ਲਈ ਹੈ? ਇਹ ਸਵਾਲ ਅੱਜ ਹਰ ਸਿੱਖ ਦੇ ਦਿਮਾਗ ਵਿੱਚ ਹੈ। ਇਸ ਬਾਬਤ ਹਰ ਇਨਸਾਫ ਪਸੰਦ ਵਿਆਕਤੀ ਨੂੰ ਸੋਚਣ ਅਤੇ ਸਮਝਣ ਦੀ ਲੋੜ ਹੈ।
ਦਲ ਦੇ ਜਨਰਲ ਸਕੱਤਰ ਸ਼ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਵੱਡੀ ਪੱਧਰ ਤੇ ਨਸ਼ਿਆਂ ਦੇ ਫੈਲ ਚੁੱਕੇ ਜਾਲ ਦੇ ਕਈ ਹਿੱਸੇ ਬੇਨਕਾਬ ਹੋ ਰਹੇ ਹਨ, ਅਨੇਕਾਂ ਦੋਸ਼ੀ ਗ੍ਰਿਫਤਾਰ ਹੋ ਰਹੇ ਹਨ ਅਤੇ ਇਹ ਸਾਹਮਣੇ ਆ ਰਿਹਾ ਹੈ ਕਿ ਨਸ਼ਿਆਂ ਦੇ ਇਸ ਜਾਲ ਦੀਆਂ ਤੰਦਾਂ ਸਿਆਸੀ ਗਲਿਆਰਿਆਂ ਨਾਲ ਬਹੁਤ ਹੀ ਬਰੀਕੀ ਅਤੇ ਮਜ਼ਬੂਤੀ ਨਾਲ ਜੁੜੀਆਂ ਹੋਈਆਂ ਹਨ। ਇਹਨਾਂ ਨਸ਼ਿਆਂ ਦੇ ਵਪਾਰੀਆਂ ਦੇ ਗੂੜ੍ਹੇ ਸਬੰਧ ਅਕਾਲੀ ਦਲ ਬਾਦਲ ਦੇ ਸਿਰਮੌਰ ਆਗੂਆਂ ਨਾਲ ਜੁੜ ਰਹੇ ਹਨ। ਇਸਦਾ ਅਗਾਮੀ ਚੋਣਾਂ ਵਿੱਚ ਹਾਕਮ ਜਮਾਤ ਨੂੰ ਭਾਰੀ ਨੁਕਸਾਨ ਪੁੱਜਣ ਦਾ ਡਰ ਹੈ, ਇਸ ਕਰਕੇ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਧਿਆਨ ਨਸ਼ਾ ਕਾਂਡ ਤੋਂ ਲਾਂਭੇ ਕਰਨ ਲਈ ਇਹਨਾਂ ਚਾਰ ਸਿੱਖਾਂ ਨੂੰ ਝੂਠੇ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਹੈ। ਬਾਦਲਕਿਆਂ ਦੇ ਇਸ਼ਾਰੇ ਨਾਲ ਪੁਲਿਸ ਵਲੋਂ ਰਚੀ ਗਈ ਇਸ ਕਹਾਣੀ ਵਿੱਚ ਸਿੱਖ ਕੌਮ ਦੇ ਨਾਇਕ ਭਾਈ ਜਗਤਾਰ ਸਿੰਘ ਹਾਵਾਰਾ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ, ਤਾਂ ਕਿ ਪੁਲਿਸ ਦੀ ਝੂਠੀ ਕਹਾਣੀ ਦਾ ਕੁੱਝ ਅਧਾਰ ਬਣਾਇਆ ਜਾ ਸਕੇ ਜਦਕਿ ਭਾਈ ਹਵਾਰਾ ਬਾਰੇ ਪੁਲਿਸ ਦੀ ਕਹਾਣੀ ਸਰਾਸਰ ਝੂਠੀ ਹੈ। ਅਖਬਾਰੀ ਖਬਰਾਂ ਅਨੁਸਾਰ ਬਹੁ ਕਰੋੜੀ ਨਸ਼ਾ ਕਾਂਡ ਦਾ ਸਰਗਣਾ ਭੋਲਾ ਸਿਆਸੀ ਲੋਕਾਂ ਨੂੰ ਫੰਡ ਦਿੰਦਾ ਰਿਹਾ ਹੈ ਅਤੇ ਅਕਾਲੀ ਦਲ ਬਾਦਲ ਦੇ ਅਨੇਕਾਂ ਆਗੂਆਂ ਨਾਲ ਉਸ ਦੀ ਗੂੜ੍ਹੀ ਸਾਂਝ ਹੈ, ਜਿਹੜੇ ਉਸ ਦੇ ਇਸ ਅਨੈਤਿਕ ਅਤੇ ਗੈਰ-ਸਮਾਜਿਕ ਕਾਰੋਬਾਰ ਵਿੱਚ ਹਿੱਸੇਦਾਰ ਹਨ। ਯੂਨਾਈਟਿਡ ਖਾਲਸਾ ਦਲ ਯੂ ਕੇ ਵਲੋਂ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਗਈ ਹੈ ਕਿ ਸੱਚ ਨੂੰ ਪਛਾਨਣ ਅਤੇ ਸੱਚ ਤੇ ਪਹਿਰਾ ਦੇਣ।



Archive

RECENT STORIES