Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬ ਸਰਕਾਰ ਨੂੰ ਕਈ ਕਰੋੜ ਵਿੱਚ ਪੈਣਗੇ ‘ਪਿੰਕੀ’ ਦੇ ਠੁਮਕੇ

Posted on November 22nd, 2013


ਚਰਨਜੀਤ ਭੁੱਲਰ
ਬਠਿੰਡਾ- ਪੰਜਾਬ ਸਰਕਾਰ ਨੂੰ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦੀ ਚਮਕ ਦਮਕ 6.50 ਕਰੋੜ ਰੁਪਏ ਵਿੱਚ ਪਏਗੀ। ਬਠਿੰਡਾ ਵਿਖੇ ਉਦਘਾਟਨੀ ਸਮਾਰੋਹਾਂ ’ਤੇ ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਪੁੱਜ ਰਹੀ ਹੈ, ਜੋ ਸਿਰਫ਼ 12 ਮਿੰਟ ਦੀ ਪੇਸ਼ਕਾਰੀ ਕਰੇਗੀ। ਲੁਧਿਆਣਾ ਵਿਖੇ ਸਮਾਪਤੀ ਸਮਾਰੋਹਾਂ ’ਤੇ ਰਿਤਿਕ ਰੋਸ਼ਨ ਜਾਂ ਰਣਬੀਰ ਸਿੰਘ ਪੱੁਜੇਗਾ। ਪੰਜਾਬ ਸਰਕਾਰ ਨੇ ਐਤਕੀਂ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦਾ ਕੰਮ ਮੁੰਬਈ ਦੀ ਫੈਰਿਸ ਵੀਲ੍ਹ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਨੂੰ ਦਿੱਤਾ ਹੈ।

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐਤਕੀਂ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦਾ ਬਜਟ ਵਧਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸੱਤ ਕੰਪਨੀਆਂ ਵਿੱਚੋਂ ਫੈਰਿਸ ਵੀਲ੍ਹ ਦੀ ਚੋਣ ਕੀਤੀ ਗਈ ਹੈ, ਜਿਸ ਵੱਲੋਂ ਚੀਨ, ਇਟਲੀ, ਕੋਰੀਆ ਅਤੇ ਤੁਰਕੀ ਵਿੱਚ ਏਦਾਂ ਦੇ ਸਮਾਰੋਹਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਸ ਕੰਪਨੀ ਵੱਲੋਂ ਹੀ ਬਾਲੀਵੁੱਡ ਸਟਾਰ ਬੁੱਕ ਕੀਤੇ ਗਏ ਹਨ। ਕੰਪਨੀ ਨੂੰ 6.50 ਕਰੋੜ ਰੁਪਏ ਦਿੱਤੇ ਜਾਣੇ ਹਨ, ਜਿਨ੍ਹਾਂ ਵਿੱਚ ਬਾਲੀਵੁੱਡ ਸਟਾਰਾਂ ਦਾ ਖਰਚਾ ਵੀ ਸ਼ਾਮਲ ਹੈ। ਕੰਪਨੀ ਦੀ ਟੀਮ ਇਥੇ ਪੁੱਜ ਗਈ ਹੈ, ਜੋ ਆਉਂਦੇ ਦਿਨਾਂ ਵਿੱਚ ਪ੍ਰਬੰਧਾਂ ਵਿੱਚ ਜੁਟ ਜਾਵੇਗੀ। ਬਠਿੰਡਾ ਦੇ ਉਦਘਾਟਨੀ ਸਮਾਰੋਹਾਂ ਮੌਕੇ ਕਲਾਕਾਰ ਗਿੱਪੀ ਗਰੇਵਾਲ ਵੀ ਪੁੱਜ ਰਹੇ ਹਨ।

ਪਿਛਲੇ ਵਿਸ਼ਵ ਕੱਪਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦਾ ਕੰਮ ਵਿਜ ਕਰਾਫਟ ਕੰਪਨੀ ਕੋਲ ਸੀ, ਜਿਸ ਤੋਂ ਸਰਕਾਰ ਪਿਛਲੇ ਸਾਲ ਨਾਰਾਜ਼ ਵੀ ਹੋ ਗਈ ਸੀ। ਸਰਕਾਰੀ ਸ਼ਿਕਵਾ ਸੀ ਕਿ ਕੈਟਰੀਨਾ ਕੈਫ ਨੇ ਪੂਰਾ ਸਮਾਂ ਸਟੇਜ ’ਤੇ ਠੁਮਕੇ ਨਹੀਂ ਲਾਏ, ਜਿਸ ਕਰ ਕੇ ਕੰਪਨੀ ਨੂੰ ਅਦਾਇਗੀ ਸਮੇਂ ਸਰਕਾਰ ਨੇ 31 ਲੱਖ ਰੁਪਏ ਦਾ ਕੱਟ ਵੀ ਲਾ ਦਿੱਤਾ ਸੀ।

ਪੰਜਾਬ ਸਰਕਾਰ ਨੇ ਜਦੋਂ ਪਹਿਲਾਂ ਵਿਸ਼ਵ ਕਬੱਡੀ ਕੱਪ ਕਰਾਇਆ ਸੀ ਤਾਂ ਉਦੋਂ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ’ਤੇ ਸਿਰਫ਼ 75 ਲੱਖ ਰੁਪਏ ਖਰਚੇ ਗਏ ਸਨ ਅਤੇ ਇਹ ਕੰਮ ਐਨ.ਜੈੱਡ.ਸੀ.ਸੀ. ਨੂੰ ਦਿੱਤਾ ਗਿਆ ਸੀ। ਦੂਜੇ ਵਿਸ਼ਵ ਕਬੱਡੀ ਕੱਪ ਦੇ ਇਨ੍ਹਾਂ ਸਮਾਰੋਹਾਂ ’ਤੇ 5.74 ਕਰੋੜ ਰੁਪਏ ਖਰਚੇ ਗਏ ਸਨ ਅਤੇ ਉਦੋਂ ਉਦਘਾਟਨੀ ਸਮਾਰੋਹਾਂ ’ਤੇ ਸ਼ਾਹਰੁਖ ਖਾਨ ਪੁੱਜੇ ਸਨ। ਤੀਜੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ’ਤੇ 6.11 ਕਰੋੜ ਰੁਪਏ ਖਰਚੇ ਗਏ ਸਨ ਅਤੇ ਉਦਘਾਟਨੀ ਸਮਾਰੋਹਾਂ ’ਤੇ ਅਕਸ਼ੈ ਕੁਮਾਰ ਪੁੱਜੇ ਸਨ। ਐਤਕੀਂ ਸਮਾਰੋਹ 6.50 ਕਰੋੜ ਰੁਪਏ ਵਿੱਚ ਹੋਣਗੇ। ਸਰਕਾਰ ਵੱਲੋਂ ਜਿੰਨੇ ਇਨਾਮ ਖਿਡਾਰੀਆਂ ਨੂੰ ਦਿੱਤੇ ਜਾਣੇ ਹਨ, ਉਨੀ ਰਾਸ਼ੀ ਹੀ ਦੋ ਸਮਾਰੋਹਾਂ ’ਤੇ ਖਰਚਣੀ ਹੈ, ਜਿਨ੍ਹਾਂ ਵਿੱਚੋਂ ਵੱਡਾ ਹਿੱਸਾ ਬਾਲੀਵੁੱਡ ਸਟਾਰ ਲੈ ਜਾਣਗੇ।

ਚੌਥੇ ਵਿਸ਼ਵ ਕਬੱਡੀ ਕੱਪ ਵਿੱਚ ਖਾਸ ਗੱਲ ਇਹ ਵੀ ਹੋਵੇਗੀ ਕਿ ਐਤਕੀਂ ਵਿਦੇਸ਼ੀ ਟੀਮਾਂ ਵਿੱਚ ਸਿਰਫ਼ ਉਹੀ ਖਿਡਾਰੀ ਸ਼ਾਮਲ ਹੋਣਗੇ, ਜਿਨ੍ਹਾਂ ਕੋਲ ਉਸ ਮੁਲਕ ਦੀ ਪੱਕੀ ਨਾਗਰਿਕਤਾ ਹੋਵੇਗੀ। ਪਿਛਲੇ ਕਬੱਡੀ ਕੱਪਾਂ ਵਿੱਚ ਵਿਦੇਸ਼ੀ ਟੀਮਾਂ ਵਿੱਚ ਜ਼ਿਆਦਾ ਖਿਡਾਰੀ ਉਹ ਸਨ, ਜਿਨ੍ਹਾਂ ਕੋਲ ਭਾਰਤੀ ਨਾਗਰਿਕਤਾ ਹੀ ਸੀ ਪਰ ਉਹ ਆਰਜ਼ੀ ਤੌਰ ’ਤੇ ਵਿਦੇਸ਼ ਗਏ ਹੋਏ ਸਨ। ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਫੈਰਿਸ ਵੀਲ੍ਹ ਕੰਪਨੀ ਨੂੰ ਉਦਘਾਟਨੀ ਤੇ ਸਮਾਪਤੀ ਸਮਾਰੋਹਾਂ ਦੀ ਤਕਰੀਬਨ ਪਿਛਲੇ ਸਾਲ ਜਿੰਨੀ ਰਾਸ਼ੀ ਹੀ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਖਾਤਰ ਸਪਾਂਸਰਸ਼ਿਪਾਂ ਮਿਲ ਰਹੀਆਂ ਹਨ ਅਤੇ ਪੰਜ ਕਰੋੜ ਰੁਪਏ ਸਰਕਾਰ ਵੱਲੋਂ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਿਅੰਕਾ ਚੋਪੜਾ ਵੱਲੋਂ 12 ਮਿੰਟ ਦੀ ਪੇਸ਼ਕਾਰੀ ਕੀਤੀ ਜਾਵੇਗੀ ਅਤੇ ਲੁਧਿਆਣਾ ਵਾਸਤੇ ਸਟਾਰ ਫਾਈਨਲ ਨਹੀਂ ਹੋਇਆ ਹੈ।



Archive

RECENT STORIES