Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਤੋਂ ਡਰੱਗ ਤਸਕਰਾਂ ਨੂੰ ਪੰਜਾਬ ਮੰਗਵਾਉਣ ਦੀ ਤਿਆਰੀ

Posted on November 24th, 2013

ਕੈਨੇਡਾ ਤੋਂ ਇਨ੍ਹਾਂ ਨੂੰ ਮੰਗਵਾਉਣ ਦੇ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਡਾਜੀਆਰ ਸੌਂਪਿਆ ਜਾਏਗਾ

ਜ਼ਿੰਦਗੀ 'ਚ ਕਦੀ ਵੀ ਜਗਦੀਸ਼ ਭੋਲੇ ਨੂੰ ਨਹੀਂ ਮਿਲਿਆ-ਦਾਰਾ ਔਜਲਾ 

ਚੰਡੀਗੜ੍ਹ- ਸੱਤ ਸੌ ਕਰੋੜ ਦੇ ਸਿੰਥੈਟਿਕ ਡਰੱਗਸ ਰੈਕਟ ਦੇ ਸਰਗਨਾ ਜਗਦੀਸ਼ ਭੋਲਾ ਤੋਂ ਪੁੱਛਗਿੱਛ ਵਿੱਚ ਹੋਏ ਸਨਸਨੀਖੇਜ਼ ਖੁਲਾਸਿਆਂ ਨਾਲ ਪੰਜਾਬ ਪੁਲਸ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਨਸ਼ੇ ਦੇ ਇਸ ਕਾਰੋਬਾਰ ਵਿੱਚ ਕੈਨੇਡਾ ਵਿੱਚ ਵੱਸੇ ਭਾਰਤੀ ਮੂਲ ਦੇ ਕੁਝ ਨਾਮੀ ਪ੍ਰਮੋਟਰਾਂ ਦੇ ਨਾਵਾਂ ਦਾ ਭੋਲਾ ਨੇ ਖੁਲਾਸਾ ਕੀਤਾ ਹੈ। ਪੰਜਾਬ ਪੁਲਸ ਹੁਣ ਕੈਨੇਡਾ ਤੋਂ ਦੋਸ਼ੀ ਪ੍ਰਮੋਟਰਾਂ ਨੂੰ ਮੰਗਵਾਉਣ ਵਿੱਚ ਜੁਟ ਗਈ ਹੈ। ਇਸ ਸੰਬੰਧੀ ਜਲਦੀ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇੱਕ ਡਾਜੀਆਰ ਸੌਂਪਿਆ ਜਾਏਗਾ।

ਸੂਤਰਾਂ ਅਨੁਸਾਰ ਜਗਦੀਸ਼ ਭੋਲਾ ਤੋਂ ਹੁਣ ਤੱਕ ਹੋਈ ਪੁੱਛਗਿੱਛ ਵਿੱਚ ਸਪੱਸ਼ਟ ਹੋ ਗਿਆ ਕਿ ਕੈਨੇਡਾ ਵਿੱਚ ਵੱਸੇ ਸਰਬਜੀਤ ਸਿੰਘ, ਨਿਰੰਕਾਰ ਸਿੰਘ, ਹਰਬੰਸ ਸਿੰਘ ਅਤੇ ਦਾਰਾ ਸਿੰਘ ਮੁਠੱਡਾ ਦੇ ਭੋਲਾ ਨਾਲ ਨੇੜਲੇ ਸੰਬੰਧ ਹਨ, ਉਹ ਸਾਰੇ ਨਸ਼ੇ ਦੇ ਇਸ ਰੈਕੇਟ ਦੀ ਅਹਿਮ ਕੜੀ ਹਨ। ਅੰਤਰਰਾਸ਼ਟਰੀ ਪੱਧਰ ‘ਤੇ ਡਰੱਗ ਤਸਕਰੀ ਵਿੱਚ ਇਨ੍ਹਾਂ ਲੋਕਾਂ ਦੀ ਖਾਸ ਭੂਮਿਕਾ ਹੈ। ਪੰਜਾਬ ਪੁਲਸ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਦਾਰਾ ਸਿੰਘ ਮੁਠੱਡਾ ਪੰਜਾਬ ਵਿੱਚ ਪਿਛਲੇ ਸਾਲ ਵਿਸ਼ਵ ਕਬੱਡੀ ਦੌਰਾਨ ਕੈਨੇਡਾ ਦੀ ਕਬੱਡੀ ਟੀਮ ਨਾਲ ਆਇਆ ਸੀ। ਅਧਿਕਾਰੀਆਂ ਨੇ ਦਾਰਾ ਸਿੰਘ ਦੀ ਭੋਲਾ ਨਾਲ ਮੁਲਾਕਾਤ ਨੂੰ ਲੈ ਕੇ ਕਿਹਾ ਹੈ ਕਿ ਉਸ ਸਮੇਂ ਦੋਵਾਂ ਵਿਚਾਲੇ ਨਵੀਂ ਡੀਲ ਹੋਈ ਸੀ।

ਪੁਲਸ ਨੂੰ ਭੋਲਾ ਦੇ ਕਬਜ਼ੇ ‘ਚੋਂ ਪੰਜ ਤੇ ਮਨਿੰਦਰ ਸਿੰਘ ਔਲਖ ਦੇ ਕਬਜ਼ੇ ‘ਚੋਂ ਦੋ ਮੋਬਾਈਲ ਫੋਨ ਦੀ ਡਿਟੇਲ ਨੇ ਚੌਕੰਨਾ ਕਰ ਦਿੱਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲਸ ਉਕਤ ਚਾਰਾਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰ ਕੇ ਪੱਕੇ ਸਬੂਤ ਤਿਆਰ ਕਰ ਰਹੀ ਹੈ ਤਾਂ ਕਿ ਕੈਨੇਡਾ ਤੋਂ ਇਨ੍ਹਾਂ ਨੂੰ ਮੰਗਵਾਉਣ ਦਾ ਰਸਤਾ ਪੱਧਰਾ ਹੋ ਸਕੇ। ਅਧਿਕਾਰੀ ਨੇ ਦੱਸਿਆ ਕਿ ਜਲਦੀ ਹੀ ਇਸ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਡਾਜੀਆਰ ਸੌਂਪਿਆ ਜਾਏਗਾ।

 ਦਾਰਾ ਔਜਲਾ ਨਾਲ ਸੰਪਰਕ ਕਰਨ 'ਤੇ ਉਸਨੇ ਇਨ੍ਹਾਂ ਦੋਸ਼ਾਂ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਦਗੀ 'ਚ ਪਹਿਲਵਾਨ ਜਗਦੀਸ਼ ਭੋਲੇ ਨੂੰ ਜਾਂ ਉਸ ਦੇ ਨੈੱਟਵਰਕ ਅਧੀਨ ਕੰਮ ਕਰਦੇ ਕਿਸੇ ਵੀ ਵਿਅਕਤੀ ਨੂੰ ਕਦੇ ਮਿਲਿਆ ਹੀ ਨਹੀਂ | ਕਬੱਡੀ ਦੀ ਤਰੱਕੀ ਲਈ ਉਹ ਹਰ ਸਾਲ ਭਾਰਤ ਜਾ ਕੇ ਤਿੰਨ-ਚਾਰ ਮਹੀਨੇ ਰਹਿ ਕੇ ਆਉਂਦਾ ਹੈ ਪਰ ਕਦੇ ਵੀ ਕਿਸੇ ਥਾਣੇ 'ਚ ਉਸ ਨੂੰ ਪੁਛਗਿਛ ਲਈ ਨਹੀਂ ਬੁਲਾਇਆ ਗਿਆ | ਦਾਰਾ ਔਜਲਾ ਨੇ ਜਗਦੀਸ਼ ਭੋਲੇ ਦੇ ਨੈੱਟਵਰਕ 'ਚ ਆਪਣਾ ਨਾਂਅ ਆਉਣ 'ਤੇ ਹੈਰਾਨੀ ਪ੍ਰਗਟਾਈ ਤੇ ਕਿਹਾ ਕਿ ਉਸ ਨੂੰ ਕਿਸੇ ਵੱਡੀ ਸਾਜਿਸ਼ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ | ਉਸਨੇ ਕਿਹਾ ਜੇਕਰ ਪੰਜਾਬ ਪੁਲਿਸ ਜਾਂ ਕੈਨੇਡਾ ਪੁਲਿਸ ਦੇ ਅਧਿਕਾਰੀ ਉਸ ਨਾਲ ਸੰਪਰਕ ਕਰਨਗੇ ਤਾਂ ਉਹ ਇਸ ਕੇਸ ਦੀ ਜਾਂਚ ਲਈ ਪੂਰਨ ਸਹਿਯੋਗ ਦੇਵੇਗਾ | 



Archive

RECENT STORIES