Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਰੂਸ਼ੀ ਹੱਤਿਆ ਕਾਂਡ-ਤਲਵਾੜ ਜੋੜੀ ਨੂੰ ਉਮਰ ਭਰ ਲਈ ਕੈਦ

Posted on November 26th, 2013


ਗਾਜ਼ੀਆਬਾਦ- 9 ਵੀਂ ਜਮਾਤ ਦੀ ਵਿਦਿਆਰਥਣ 14 ਸਾਲਾ ਅਰੂਸ਼ੀ ਤੇ 45 ਸਾਲਾ ਘਰੇਲੂ ਨੌਕਰ ਹੇਮਰਾਜ ਦੀ ਹੱਤਿਆ ਦੇ ਸਾਢੇ ਪੰਜ ਸਾਲ ਪੁਰਾਣੇ ਮਾਮਲੇ ਵਿਚ ਤਲਵਾੜ ਜੋੜੀ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ (ਜ਼ਿੰਦਗੀ ਭਰ ਲਈ) ਤੇ ਦੋਵਾਂ ਨੂੰ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਦੇਣ 'ਤੇ ਦੋਸ਼ੀਆਂ ਨੂੰ 3-3 ਮਹੀਨੇ ਦੀ ਸਜ਼ਾ ਹੋਰ ਭੁਗਤਣੀ ਪਵੇਗੀ। ਸਜ਼ਾ ਸੁਣਾਉਣ ਉਪਰੰਤ ਮ੍ਰਿਤਕਾ ਅਰੂਸ਼ੀ ਦੇ 49 ਸਾਲਾ ਪਿਤਾ ਰਾਜੇਸ਼ ਤਲਵਾੜ ਤੇ 48 ਸਾਲਾ ਮਾਂ ਨੂਪੁਰ ਤਲਵਾੜ ਨੂੰ ਡਾਸਨਾ ਜੇਲ੍ਹ ਭੇਜ ਦਿੱਤਾ ਗਿਆ। 

ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਬੀਤੇ ਦਿਨ ਪਤੀ-ਪਤਨੀ ਨੂੰ ਦੋਸ਼ੀ ਕਰਾਰ ਦਿੰਦਿਆਂ ਫੈਸਲਾ ਰਾਖਵਾਂ ਰਖ ਲਿਆ ਸੀ। ਅਦਾਲਤ ਨੇ ਤਲਵਾੜ ਜੋੜੀ ਨੂੰ ਮੌਕੇ ਦੀਆਂ ਪ੍ਰਸਥਿੱਤੀਆਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੱਤਾ ਹੈ ਜਦ ਕਿ ਉਨ੍ਹਾਂ ਵਿਰੁੱਧ ਡਾਕਟਰੀ ਜਾਂ ਹੋਰ ਕੋਈ ਅਜਿਹਾ ਸਬੂਤ ਨਹੀਂ ਹੈ ਜਿਸ ਨਾਲ ਉਨ੍ਹਾਂ ਦਾ ਸਬੰਧ ਇਸ ਹੱਤਿਆ ਕਾਂਡ ਨਾਲ ਜੁੜਦਾ ਹੋਵੇ। ਅਦਾਲਤ ਨੇ ਧਾਰਾ 302 (ਹੱਤਿਆ) ਤਹਿਤ ਉਮਰ ਕੈਦ ਤੋਂ ਇਲਾਵਾ ਦੋਵਾਂ ਨੂੰ ਧਾਰਾ 201 (ਸਬੂਤ ਨਸ਼ਟ ਕਰਨਾ) ਤਹਿਤ 5 ਸਾਲ ਦੀ ਸਜ਼ਾ ਵੀ ਸੁਣਾਈ ਜਦ ਕਿ ਰਾਜੇਸ਼ ਤਲਵਾੜ ਨੂੰ ਧਾਰਾ 203 (ਪੁਲਿਸ ਨੂੰ ਝੂਠੀ ਜਾਣਕਾਰੀ ਦੇਣਾ) ਤਹਿਤ 1 ਸਾਲ ਦੀ ਸਜ਼ਾ ਹੋਰ ਸੁਣਾਈ। ਇਸ ਤੋਂ ਪਹਿਲਾਂ ਸਜ਼ਾ ਦੀ ਮਾਤਰਾ ਬਾਰੇ ਬਹਿਸ ਦੌਰਾਨ ਸੀ.ਬੀ.ਆਈ. ਦੇ ਵਕੀਲ ਆਰ. ਕੇ. ਸੈਣੀ ਨੇ ਕਿਹਾ ਕਿ ਇਹ ਮਾਮਲਾ ਵਿਸ਼ੇਸ਼ ਤੋਂ ਵਿਸ਼ੇਸ਼ ਸ਼੍ਰੇਣੀ ਵਿਚ ਆਉਂਦਾ ਹੈ। ਇਸ ਲਈ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਪਰ ਅਦਾਲਤ ਨੇ ਇਸ ਮਾਮਲੇ ਨੂੰ ਵਿਸ਼ੇਸ਼ ਤੋਂ ਵਿਸ਼ੇਸ਼ ਸ਼੍ਰੇਣੀ ਵਿਚ ਰਖਣ ਤੋਂ ਇਨਕਾਰ ਕਰ ਦਿੱਤਾ। ਬਚਾਅ ਪੱਖ ਦੇ ਵਕੀਲ ਤਨਵੀਰ ਮੀਰ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਉਸ ਦੇ ਮੁਵੱਕਲਾਂ ਵਿਰੁੱਧ ਸਬੂਤ ਬਹੁਤ ਕਮਜ਼ੋਰ ਹਨ। ਉਨ੍ਹਾਂ ਨੇ ਤਲਵਾੜ ਜੋੜੀ ਪ੍ਰਤੀ ਨਰਮੀ ਵਰਤਣ ਦੀ ਬੇਨਤੀ ਕੀਤੀ। ਇਹ ਦਲੀਲਬਾਜੀ ਕੇਵਲ 5 ਮਿੰਟ ਹੀ ਚੱਲੀ। 4.30 ਵਜੇ ਵਧੀਕ ਸ਼ੈਸਨ ਜੱਜ ਸ਼ਾਮ ਲਾਲ ਨੇ ਆਪਣਾ ਫੈਸਲਾ ਸੁਣਾ ਦਿੱਤਾ।

16 ਮਈ 2008 ਨੂੰ ਅਰੂਸ਼ੀ ਦੀ ਲਾਸ਼ ਨੋਇਡਾ ਸਥਿੱਤ ਤਲਵਾੜ ਜੋੜੀ ਦੀ ਰਿਹਾਇਸ਼ 'ਤੇ ਉਸ ਦੇ ਸੌਣ ਵਾਲੇ ਕਮਰੇ ਵਿਚੋਂ ਮਿਲੀ ਸੀ। ਉਸ ਦੀ ਹੱਤਿਆ ਗਲਾ ਕੱਟਕੇ ਕੀਤੀ ਗਈ ਸੀ। ਸ਼ੁਰੂ ਵਿਚ ਸਮਝਿਆ ਗਿਆ ਸੀ ਕਿ ਅਰੂਸ਼ੀ ਦੀ ਹੱਤਿਆ ਤਲਵਾੜ ਜੋੜੀ ਦੇ ਘਰੇਲੂ ਨੌਕਰ ਹੇਮਰਾਜ ਨੇ ਕੀਤੀ ਹੈ ਕਿਉਂਕਿ ਉਹ ਘਰ ਵਿਚੋਂ ਫਰਾਰ ਸੀ ਪਰ 17 ਮਈ ਨੂੰ ਹੇਮਰਾਜ ਦੀ ਲਾਸ਼ ਤਲਵਾੜ ਜੋੜੀ ਦੀ ਰਿਹਾਇਸ਼ ਦੀ ਛੱਤ ਉਪਰੋਂ ਮਿਲਣ 'ਤੇ ਮਾਮਲਾ ਨਵਾਂ ਮੋੜ ਲੈ ਗਿਆ।



Archive

RECENT STORIES