Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅੰਨਾ ਹਾਜ਼ਾਰੇ ਬਨਾਮ ਕੌਮੀ ਯੋਧਾ ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਮੀਡੀਏ ਦਾ ਰੋਲ

Posted on November 26th, 2013

<p>ਭਾਈ ਗੁਰਬਖਸ਼ ਸਿੰਘ ਖਾਲਸਾ&nbsp;<br></p>


- ਲਵਸ਼ਿੰਦਰ ਸਿੰਘ ਡੱਲੇਵਾਲ 
ਫੋਨ: 079004-33428 
ਡੇਢ ਕੁ ਸਾਲ ਪਹਿਲਾਂ ਇੱਕ ਅੰਨਾ ਹਾਜ਼ਾਰੇ ਨਾਮ ਦੇ ਵਿਆਕਤੀ ਨੇ ਦਿੱਲੀ ਵਿੱਚ ਮਰਨ ਵਰਤ ਰੱਖਿਆ ਸੀ ਤਾਂ ਕਿ ਭਾਰਤ ਦੀ ਸਿਆਸਤ ਵਿੱਚ ਫੈਲਿਆ ਭ੍ਰਿਸ਼ਟਾਚਾਰ ਖਤਮ ਹੋ ਸਕੇ। ਇਹ ਮਰਨ ਵਰਤ ਕੁੱਝ ਦਿਨ ਹੀ ਚੱਲ ਸਕਿਆ ਅਤੇ ਰੱਖਣ ਵਾਲਾ ਵਿਆਕਤੀ ਅੰਨਾ ਹਾਜ਼ਾਰੇ ਗਾਂਧੀਵਾਦੀ ਸੋਚ ਦਾ ਧਾਰਨੀ ਸੀ। ਉਮਰ ਦੇ ਕਰੀਬ ਅੱਠ ਦਹਾਕੇ ਪਾਰ ਕਰ ਚੁੱਕੇ ਇਸ ਵਿਆਕਤੀ ਨੇ ਜਦੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ (ਮਰਨ ਵਰਤ) ਸ਼ੁਰੂ ਕਰਨਾ ਸੀ ਤਾਂ ਭਾਰਤ ਦੇ ਪ੍ਰਮੁੱਖ ਮੀਡੀਏ ਨੇ ਅਪਾਣੇ ਕੈਮਰੇ ਆਲੇ-ਦੁਆਲੇ ਫਿੱਟ ਕਰ ਦਿੱਤੇ, ਮਰਨ ਵਰਤ ਦੇ ਇਸ ਘਟਨਾਕ੍ਰਮ ਨੂੰ ਇਸ ਤਰਾਂ ਲਾਈਵ ਪ੍ਰਸਾਰਿਤ ਕੀਤਾ ਗਿਆ, ਜਿਸ ਤਰਾਂ ਕੋਈ ਕ੍ਰਿਕਟ ਜਾਂ ਫੁੱਟਬਾਲ ਦਾ ਮੈਚ ਦਿਖਾਇਆ ਜਾ ਰਿਹਾ ਹੋਵੇ। ਕੁੱਝ ਨਵੇਂ ਪੁਰਾਣੇ ਮੰਤਰੀ-ਸੰਤਰੀ, ਹੀਰੋ-ਜ਼ੀਰੋ ਆਗੂਆਂ ਨੇ ਆਣ ਕੇ ਹਾਜ਼ਰੀ ਭਰਨੀ ਅਰੰਭ ਕਰ ਦਿੱਤੀ, ਖਾਸ ਕਰਕੇ ਉਹਨਾਂ ਨੇ ਜਿਹੜੇ ਭਾਰਤ ਦੀਆਂ ਵਸਨੀਕ ਘੱਟ ਗਿਣਤੀ ਕੌਮਾਂ ਦਾ ਨਾਮੋ ਨਿਸ਼ਾਨ ਮਿਟਾ ਕੇ ਹਿੰਦੂ ਰਾਸ਼ਟਰ ਦੇ ਮੁਦਈ ਹਨ। 

ਇਸੇ ਹੀ ਦਿੱਲੀ ਵਿੱਚ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਪੰਜ-ਪੰਜ ਸਿੰਘਾਂ ਦੇ ਜਥੇ ਬਣਾ ਕੇ 48-48 ਘੰਟੇ ਦੀ ਭੁੱਖ ਹੜਤਾਲ ਕਰੀਬ ਇੱਕ ਸਾਲ ਕੀਤੀ ਗਈ ਪਰ ਸਰਕਾਰ ਕਿਸੇ ਵੀ ਮੰਤਰੀ-ਸੰਤਰੀ, ਇੱਥੋਂ ਤੱਕ ਕਿ ਕਿਸੇ ਚਪੜਾਸੀ ਨੇ ਵੀ ਇਹ ਨਹੀਂ ਆਣ ਕੇ ਪੁੱਛਿਆ ਕਿ ਤੁਸੀਂ ਇਹ ਹੜਤਾਲ ਕਿਉਂ ਰੱਖੀ ਹੋਈ ਹੈ? ਕਿਉਂ ਕਿ ਉਹਨਾਂ ਦੀ ਮੰਗ ਸਿੱਖ ਹੱਕਾਂ ਹਿਤਾਂ ਅਤੇ ਸਿੱਖ ਪਛਾਣ ਦੇ ਪ੍ਰਥਾਏ ਸੀ। ਇਸੇ ਕਰਕੇ ਕਿਸੇ ਵੀ ਮੀਡੀਏ ਨੇ ਕਵਰ ਕਰਨ ਦੀ ਖੇਚਲ ਨਹੀਂ ਕੀਤੀ। 

14 ਨਵੰਬਰ 2013 ਵਾਲੇ ਦਿਨ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਅਣਮਿੱਥੇ ਸਮੇਂ ਲਈ ਗੁਰਦਵਾਰਾ ਅੰਬ ਸਾਹਿਬ ਮੁਹਾਲੀ ਵਿਖੇ ਭੁੱਖ ਹੜਤਾਲ ਅਰੰਭ ਕਰ ਦਿੱਤੀ ਹੈ। ਭਾਈ ਖਾਲਸਾ ਦੀ ਭੁੱਖ ਹੜਤਾਲ ਦਾ ਮਕਸਦ ਕੋਈ ਨਿੱਜੀ ਨਹੀਂ ਬਲਕਿ ਉਹਨਾਂ ਕੌਮੀ ਯੋਧਿਆਂ ਦੀ ਰਿਹਾਈ ਹੈ, ਜਿਹੜੇ ਕਿ ਉਮਰ ਕੈਦ ਦੀ ਬਣਦੀ ਸਜ਼ਾ ਨਾਲੋਂ ਵੀ ਵੱਧ ਸਜ਼ਾ ਕੱਟ ਚੁੱਕੇ ਹਨ ਪਰ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਭਾਈ ਦਇਆ ਸਿੰਘ ਲਹੌਰੀਆ ਪਿਛਲੇ 18 ਸਾਲ ਤੋਂ ਜੇਲ੍ਹ ਵਿੱਚ ਬੰਦ ਹਨ, ਜਿਸ ਨੇ ਉਮਰ ਕੈਦ ਨਾਲੋਂ ਵੱਧ ਸਮਾਂ ਗੁਜ਼ਾਰ ਲਿਆ ਹੈ। ਪੰਜਾਬ ਦੇ ਜ਼ਾਲਮ ਮੁੱਖ ਮੰਤਰੀ ਬੇਅੰਤੇ ਨੂੰ ਸੋਧਣ ਦੇ ਦੋਸ਼ ਵਿੱਚ ਸਿੱਖ ਕੌਮ ਦੇ ਨਾਇਕ ਭਾਈ ਜਗਤਾਰ ਸਿੰਘ ਹਾਵਾਰਾ ਨੂੰ ਆਖਰੀ ਸਾਹ ਤੱਕ ਉਮਰ ਕੈਦ ਦੀ ਸਜ਼ਾ ਨਿਰਧਾਰਿਤ ਕੀਤੀ ਗਈ ਹੈ। ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਤੇ ਭਾਈ ਨਵਜੋਤ ਸਿੰਘ ਹੋਰਾ੬ ਨੂੰ ਅਦਾਲਤਾਂ ਰਾਹੀਂ ਜੋ ਸਜ਼ਾ ਸੁਣਾਈ ਗਈ ਸੀ, ਉਹ ਕੱਟ ਚੁੱਕੇ ਹਨ ਪਰ ਫਿਰ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਭਾਈ ਲਾਲ ਸਿੰਘ ਅਕਾਲਗੜ੍ਹ 22 ਸਾਲ ਕੱਟ ਚੁੱਕੇ ਹਨ। ਆਪਾਂ ਨੂੰ ਭਾਰਤੀ ਹਾਕਮਾਂ ਦੀ ਫਿਰਕੂ ਫ਼ਿਤਰਤ ਦਾ ਪਤਾ ਹੈ। ਆਪਾਂ ਸਭ ਜਾਣਦੇ ਹਾਂ ਕਿ ਉਹਨਾਂ ਨੇ ਇਹ ਜਾਇਜ਼ ਗੱਲ ਵੀ ਨਹੀਂ ਮੰਨਣੀ। ਇਸ ਲਈ ਭਾਈ ਗੁਰਬਖ਼ਸ਼ ਸਿੰਘ ਨੂੰ ਇਸ ਵਾਸਤੇ ਭੁੱਖ ਹੜਤਾਲ 'ਤੇ ਬੈਠਣੋਂ ਰੋਕਣ ਲਈ ਬਹੁਤ ਯਤਨ ਵੀ ਕੀਤੇ ਗਏ, ਪਰ ਭਾਈ ਗੁਰਬਖ਼ਸ਼ ਸਿੰਘ ਦਾ ਕਹਿਣਾ ਹੈ ਕਿ ਜਾਂ ਉਮਰ ਕੈਦਾਂ ਕੱਟ ਚੁੱਕੇ ਬੰਦੀ ਸਿੰਘ ਰਿਹਾਅ ਹੋਣਗੇ ਜਾਂ ਮਾਂ ਸ਼ਹੀਦ ਹੋਵਾਂਗਾ। 

ਹੁਣ ਫੇਰ ਉਹੀ ਸਵਾਲ ਦੁਨੀਆਂ ਭਰ ਦੇ ਸਿੱਖਾਂ ਸਾਹਮਣੇ ਹੈ ਕਿ ਭਾਰਤ ਜਾਂ ਪੰਜਾਬ ਦਾ ਮੀਡੀਆ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਅਣਡਿੱਠ ਕਿਉਂ ਕਰ ਰਿਹਾ ਹੈ? ਪਹਿਰੇਦਾਰ ਤੋਂ ਇਲਾਵਾ ਇੱਕ-ਅੱਧ ਅਖਬਾਰ ਨੂੰ ਛੱਡ ਕੇ ਕਿਸੇ ਵੀ ਅਖਬਾਰ ਵਲੋਂ ਇਸ ਮੁੱਦੇ ਨੂੰ ਉਭਾਰਨਾ ਤਾਂ ਦੂਰ, ਇਸ ਬਾਰੇ ਖਬਰ ਵੀ ਨਸ਼ਰ ਨਹੀਂ ਕੀਤੀ ਜਾ ਰਹੀ। ਇਸ ਵਿਤਕਰੇ ਦਾ ਇੱਕੋ ਇੱਕ ਕਾਰਨ ਸਾਹਮਣੇ ਆ ਰਿਹਾ ਪ੍ਰਤੀਤ ਹੁੰਦਾ ਹੈ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਸਿੱਖ ਹੈ, ਜਦਕਿ ਅੰਨਾ ਹਾਜ਼ਾਰੇ ਇੱਕ ਹਿੰਦੂ ਸੀ। ਦੂਜਾ ਭਾਈ ਗੁਰਬਖਸ਼ ਸਿੰਘ ਦੇ ਕਾਰਜ ਦਾ ਮਕਸਦ ਵੀ ਕੌਮੀ ਅਜ਼ਾਦੀ ਲਈ ਜੂਝਣ ਵਾਲੇ ਯੋਧਿਆਂ ਦੀ ਰਿਹਾਈ ਹੈ। ਉਹ ਧੰਨਵਾਦ ਦੇ ਪਾਤਰ ਹਨ, ਜਿਹੜੇ ਆਗੂ ਗੁਰਦਵਾਰਾ ਅੰਬ ਸਾਹਿਬ ਵਿੱਚ ਜਾ ਹਾਜ਼ਰੀ ਲਗਵਾ ਆਏ ਹਨ। ਇਸ ਕਾਰਜ ਨੂੰ ਲਹਿਰ ਬਣਾਉਣ ਦੀ ਅੱਜ ਬਹੁਤ ਲੋੜ ਹੈ ।



Archive

RECENT STORIES