Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

2008 'ਚ ਕਾਂਗਰਸ-ਭਾਜਪਾ ਦੋਵਾਂ ਨੇ ਬਹੁਮਤ ਸਾਬਤ ਕਰਨ ਲਈ ਸੰਸਦ ਮੈਂਬਰਾਂ ਨੂੰ 40-40 ਕਰੋੜ ਦੇਣ ਦੀ ਕੀਤੀ ਸੀ ਪੇਸ਼ਕਸ਼ - ਪੱਪੂ ਯਾਦਵ

Posted on November 27th, 2013

ਨਵੀਂ ਦਿੱਲੀ- ਸਾਬਕਾ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ਼ ਪੱਪੂ ਯਾਦਵ ਨੇ ਇਕ ਸਨਸਨੀਖੇਜ਼ ਬਿਆਨ ਦੇ ਕੇ ਸਿਆਸੀ ਹਲਕਿਆਂ ਵਿਚ ਤੂਫ਼ਾਨ ਲਿਆ ਦਿੱਤਾ ਹੈ। ਪੱਪੂ ਯਾਦਵ ਨੇ ਇਹ ਸਾਰੇ ਖੁਲਾਸੇ ਆਪਣੀ ਪੁਸਤਕ 'ਧ੍ਰੋਹਕਾਲ ਕਾ ਪਥਿਕ' ਵਿਚ ਕੀਤੇ ਹਨ। ਪੱਪੂ ਯਾਦਵ ਨੇ ਆਪਣੀ ਇਸ ਪੁਸਤਕ ਵਿਚ ਇਹ ਦਾਅਵਾ ਕੀਤਾ ਹੈ ਕਿ ਸਾਲ 2008 ਵਿਚ ਸਰਕਾਰ ਨੂੰ ਬਹੁਮਤ ਸਾਬਿਤ ਕਰਨ ਲਈ ਵੋਟਾਂ ਪੈਣ ਤੋਂ ਪਹਿਲਾਂ ਯੂ. ਪੀ. ਏ. ਤੇ ਐਨ. ਡੀ. ਏ. ਦੋਵਾਂ ਪਾਰਟੀਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। 

ਪੱਪੂ ਦੇ ਦਾਅਵੇ ਅਨੁਸਾਰ ਦੋਵੇਂ ਪਾਰਟੀਆਂ ਨੇ ਜੁਲਾਈ 2008 ਵਿਚ ਆਪਣੇ ਹੱਕ ਵਿਚ ਵੋਟ ਦੇਣ ਲਈ ਸੰਸਦ ਮੈਂਬਰਾਂ ਨੂੰ 40-40 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ। ਪੱਪੂ ਯਾਦਵ ਅਨੁਸਾਰ ਸਾਲ 2001 ਵਿਚ ਵੀ ਐਨ. ਡੀ. ਏ. ਦੇ ਤੱਤਕਾਲੀਨ ਵਿੱਤ ਮੰਤਰੀ ਯਸ਼ਵੰਤ ਸਿਨ੍ਹਾਂ ਨੇ ਇੰਡੀਅਨ ਫੈਡਰਲ ਡੈਮੋਕ੍ਰੈਟਿਕ ਪਾਰਟੀ ਦੇ 3 ਸੰਸਦ ਮੈਂਬਰਾਂ ਨੂੰ ਐਨ. ਡੀ. ਏ. ਦਾ ਹਿੱਸਾ ਬਣਨ ਲਈ ਪੈਸਾ ਦਿੱਤਾ ਸੀ। ਪੱਪੂ ਯਾਦਵ ਅਨੁਸਾਰ ਸੰਸਦ ਮੈਂਬਰਾਂ ਦੀ ਕੀਮਤ ਨੂੰ ਲੈ ਕੇ ਸੌਦੇਬਾਜ਼ੀ ਹੋਈ ਸੀ ਤੇ ਪੈਸੇ ਤੇ ਔਰਤਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਸੰਸਦ ਮੈਂਬਰ ਅਨਵਾਰੁਲ ਹੱਕ ਨੂੰ ਇਕ ਏਸੈਂਟ ਕਾਰ ਦੇ ਨਾਲ-ਨਾਲ ਇਕ ਕਰੋੜ ਰੁਪਏ ਵੀ ਮਿਲੇ। ਸੁਖਦੇਵ ਪਾਸਵਾਨ ਨੇ ਵੀ ਪੈਸਾ ਲਿਆ ਸੀ। ਨਾਗਮਨੀ ਨੂੰ ਵੀ ਤੁਰੰਤ ਇਕ ਕਰੋੜ ਰੁਪਏ ਦਿੱਤੇ ਗਏ ਸੀ ਤੇ ਬਾਅਦ ਵਿਚ ਰਾਜ ਮੰਤਰੀ ਦਾ ਅਹੁਦਾ ਦੇਣ ਦਾ ਵੀ ਭਰੋਸਾ ਦਿੱਤਾ ਗਿਆ ਸੀ। ਹੋਰ ਕਿਸੇ ਨੇ ਕੋਈ ਵੀ ਪੈਸਾ ਨਹੀਂ ਲਿਆ। 

ਪੱਪੂ ਯਾਦਵ ਅਨੁਸਾਰ ਉਨ੍ਹਾਂ ਦੀ ਪਤਨੀ ਤੇ ਸਾਬਕਾ ਸੰਸਦ ਮੈਂਬਰ ਰਣਜੀਤ ਰੰਜਨ 2008 ਵਿਚ ਬਿਹਾਰ ਦੇ ਇੰਚਾਰਜ ਨੂੰ 5-6 ਵਾਰੀ ਮਿਲੀ ਸੀ ਤੇ ਉਸ ਤੋਂ ਬਾਅਦ ਉਹ ਅਹਿਮਦ ਪਟੇਲ ਤੇ ਸੋਨੀਆ ਗਾਂਧੀ ਨੂੰ ਵੀ ਮਿਲੀ ਸੀ ਪਰ ਉਨ੍ਹਾਂ ਕਿਸੇ ਨਾਲ ਵੀ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਉਸ ਵੇਲੇ ਪੈਸਿਆਂ ਦੀ ਸਖ਼ਤ ਲੋੜ ਸੀ। ਪੱਪੂ ਦੇ ਅਨੁਸਾਰ ਇਹ ਸੌਦੇਬਾਜ਼ੀ ਭਾਜਪਾ ਦੇ ਯਸ਼ਵੰਤ ਸਿਨ੍ਹਾਂ ਨੇ ਖ਼ੁਦ ਕੀਤੀ ਸੀ ਹਾਲਾਂਕਿ ਇਸ ਮਾਮਲੇ 'ਤੇ ਯਸ਼ਵੰਤ ਸਿਨ੍ਹਾਂ ਨੇ ਪੱਪੂ ਯਾਦਵ ਦੇ ਇਨ੍ਹਾਂ ਦਾਅਵਿਆਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਟਿੱਪਣੀ ਦੀ ਕੋਈ ਜ਼ਰੂਰਤ ਨਹੀਂ ਹੈ।



Archive

RECENT STORIES