Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

306 ਸਾਲ ਯੂ ਕੇ ਵਿੱਚ ਸ਼ਾਮਲ ਰਹਿਣ ਵਾਲਾ ਸਕਾਟਲੈਂਡ ਆਜ਼ਾਦ ਹੋਵੇਗਾ

Posted on November 27th, 2013


ਲੰਡਨ- ਕਰੀਬ 306 ਸਾਲ ਯੂ ਕੇ ਵਿੱਚ ਸ਼ਾਮਲ ਹੋ ਕੇ ਰਹਿਣ ਵਾਲਾ ਸਕਾਟਲੈਂਡ ਆਜ਼ਾਦ ਹੋਵੇਗਾ। ਆਜ਼ਾਦੀ ਲਈ ਸਕਾਟਲੈਂਡ ਦੇ ਨਾਗਰਿਕ ਸਤੰਬਰ 2014 ਵਿੱਚ ਇਤਿਹਾਸਕ ਜਨਮਤ ਸੰਗ੍ਰਹਿ ਵਿੱਚ ਹਿੱਸਾ ਲੈਣਗੇ। ਸਕਾਟਲੈਂਡ ਦੇ ਪਹਿਲੇ ਮੰਤਰੀ ਅਲੈਕਸ ਸਾਲਮੰਡ ਨੇ ਇਥੇ ਗਲਾਸਗੋ ਵਿੱਚ 670 ਸਫਿਆਂ ਦਾ ਇੱਕ ਬਲੂ ਪ੍ਰਿੰਟ ਜਾਰੀ ਕਰ ਕੇ ਇਸ ਸਬੰਧ ਵਿੱਚ ਐਲਾਨ ਕੀਤਾ। ਇਸ ਬਲੂ ਪ੍ਰਿੰਟ ਅਨੁਸਾਰ ਆਜ਼ਾਦੀ ਦੇ ਬਾਅਦ ਵੀ ਸਕਾਟਲੈਂਡ ਵਿੱਚ ਬ੍ਰਿਟਿਸ਼ ਰਾਜਸ਼ਾਹੀ ਬਰਕਰਾਰ ਰਹੇਗੀ। ਬ੍ਰਿਟਿਸ਼ ਕਰੰਸੀ ਪੌਂਡ ਵੀ ਪ੍ਰਚਲਨ ਵਿੱਚ ਰਹੇਗੀ। ਹਾਲਾਂਕਿ ਸਕਾਟਲੈਂਡ ਦੀ ਆਪਣੀ ਅਲੱਗ ਫੌਜ ਹੋਵੇਗੀ ਤੇ ਦੇਸ਼ ਵਿੱਚ ਟੈਕਸ ਵੀ ਉਹ ਖੁਦ ਵਸੂਲੇਗਾ।

ਸਾਲਮੰਡ ਨੇ ਇੱਕ ਭੀੜ ਭਰੇ ਪੱਤਰਕਾਰ ਸੰਮੇਲਨ ਵਿੱਚ ਕਿਹਾ, ‘ਸਕਾਟਲੈਂਡ ਦੇ ਨਾਗਰਿਕ ਆਪਣਾ ਰਸਤਾ ਖੁਦ ਚੁਣਨਗੇ। ਸਕਾਟਲੈਂਡ ਦੇ ਨਾਗਰਿਕਾਂ ਦਾ ਭਵਿੱਖ ਉਨ੍ਹਾਂ ਦੇ ਹੱਥ ਹੋਵੇਗਾ।’ ਇੰਨਾ ਹੀ ਨਹੀਂ ਆਜ਼ਾਦ ਸਕਾਟਲੈਂਡ ਯੂਰਪੀ ਯੂਨੀਅਨ ਦਾ ਮੈਂਬਰ ਵੀ ਰਹੇਗਾ। ਸਕਾਟਲੈਂਡ ਦੀ ਸਰਕਾਰ ਦਾ ਇਹ ਲੰਬੇ ਸਮੇਂ ਤੋਂ ਉਡੀਕੇ ਜਾਣ ਵਾਲੇ ਵ੍ਹਾਈਟ ਪੇਪਰ ਲਿਆਉਣ ਦਾ ਮਕਸਦ ਸਕਾਟਿਸ਼ ਦੇਸ਼ਾਂ ਨੂੰ 18 ਸਤੰਬਰ ਦੇ ਜਨਮਤ ਸੰਗ੍ਰਹਿ ਲਈ ਜਾਗਰੂਕ ਕਰਨਾ ਹੈ। ਚੋਣਾਂ ਵਿੱਚ ਆਜ਼ਾਦ ਦੇਸ਼ ਨੂੰ ਲੈ ਕੇ ਸਕਾਟਲੈਂਡ ਦੇ ਨਾਗਰਿਕਾਂ ਨੂੰ ਹਾਂ ਜਾਂ ਨਾ ਵਿੱਚ ਜਵਾਬ ਦੇਣਾ ਪਵੇਗਾ।

ਪਹਿਲੀ ਵਾਰ ਸਕਾਟਲੈਂਡ ਸਰਕਾਰ ਵੱਲੋਂ ਆਜ਼ਾਦ ਦੇਸ਼ ਲਈ ਕਰੰਸੀ, ਟੈਕਸ, ਚਾਈਲਡ ਕੇਅਰ, ਵੈਲਫੇਅਰ ਤੇ ਦੂਸਰੇ ਕਈ ਮੁੱਦਿਆਂ ਨੂੰ ਲੈ ਕੇ ਇੰਨਾ ਵਿਸਥਾਰਤ ‘ਵ੍ਹਾਈਟ ਪੇਪਰ’ ਜਾਰੀ ਕੀਤਾ ਗਿਆ ਹੈ। ਬਲੂ ਪ੍ਰਿੰਟ ਵਿੱਚ ਆਜ਼ਾਦ ਸਕਾਟਲੈਂਡ ਨੂੰ ਹੋਰ ਜ਼ਿਆਦਾ ਲੋਕਤੰਤਰਿਕ ਅਤੇ ਪਰਪੱਕ ਬਣਾਉਣ ਦਾ ਵਾਅਦਾ ਕੀਤਾ ਗਿਆ ਹੈ। ਸਕਾਟਿਸ਼ ਨੈਸ਼ਨਲ ਪਾਰਟੀ (ਐਸ ਐਨ ਪੀ) ਦੇ ਮੁਖੀ ਸਾਲਮੰਡ ਨੇ ਕਿਹਾ ਹੈ ਕਿ ਇਹ ਸਿਰਫ ਸਕਾਟਲੈਂਡ ਲਈ ਹੀ ਨਹੀਂ ਬਲਕਿ ਕਿਸੇ ਵੀ ਆਜ਼ਾਦ ਰਾਸ਼ਟਰ ਲਈ ਵਿਆਪਕ ਖਾਕਾ ਹੈ। ਆਜ਼ਾਦੀ ਦੀ ਬਹੁਤ ਜ਼ਿਆਦਾ ਸਮਰੱਥਕ ਐਸ ਐਨ ਪੀ ਸਾਲ 2007 ਤੋਂ ਸਕਾਟਲੈਂਡ ਦੀ ਸੱਤਾ ਵਿੱਚ ਹੈ।



Archive

RECENT STORIES