Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭੋਲਾ ਡਰੱਗ ਕੇਸ: ਕੈਨੇਡੀਅਨ ਪੱਤਰਕਾਰ ਤੇ ਛੇ ਐਨ.ਆਰ.ਆਈਜ਼ ਦੀ ਸ਼ਨਾਖ਼ਤ

Posted on November 27th, 2013

ਐਨ.ਆਰ.ਆਈਜ਼ ਦੀ ਪਛਾਣ ਜੌਹਨ ਗਿੱਲ, ਦਾਰਾ ਸਿੰਘ, ਲਹਿੰਬਰ ਸਿੰਘ, ਸੁੱਖਾ, ਜਸਵਿੰਦਰ ਸ਼ੋਕਰ ਅਤੇ ਮੇਜਰ ਨੱਤ ਵਜੋਂ ਹੋਈ


ਪਟਿਆਲਾ (ਅਮਨ ਸੂਦ)- ਪੰਜਾਬ ਪੁਲੀਸ ਨੇ ਨਸ਼ਿਆਂ ਦੇ 2500 ਕਰੋੜ ਰੁਪਏ ਦੇ ਕਾਰੋਬਾਰ ਨਾਲ ਜੁੜੇ ਦੋ ਦਰਜਨ  ਐਨ.ਆਰ.ਆਈਜ਼ ਲਈ ਸੂਚਨਾ ਇਕੱਤਰ ਕਰਨ ਵਾਲੇ ਟੋਰਾਂਟੋ ਵਸੇ ਪੱਤਰਕਾਰ ਦੀ ਸ਼ਨਾਖ਼ਤ ਕੀਤੀ ਹੈ। ਪੁਲੀਸ ਨੇ ਛੇ ਹੋਰਾਂ ਐਨ.ਆਰ.ਆਈਜ਼ ਦੀ ਸ਼ਨਾਖ਼ਤ ਵੀ ਕੀਤੀ ਹੈ, ਜੋ ਭਾਰਤ ਵਿਚ ਨਸ਼ਿਆਂ ਦਾ ਵਪਾਰ ਚਲਾਉਣ ਦੇ ਨਾਲ-ਨਾਲ ਕੈਨੇਡਾ ਰਾਹੀਂ ਵਿਦੇਸ਼ਾਂ ਵਿਚ ਵੀ ਨਸ਼ਿਆਂ ਦੀ ਸਪਲਾਈ ਕਰਦੇ ਹਨ। 

ਪੁਲੀਸ ਵੱਲੋਂ ਕੀਤੀ ਪੜਤਾਲ ਵਿਚ ਕੈਨੇਡਾ ਵਸੇ ਪੱਤਰਕਾਰ ‘ਐਚ.ਐਸ. ਸਿੱਧੂ’ ਦੇ ਨਾਂ ਦਾ ਖ਼ੁਲਾਸਾ ਹੋਇਆ ਹੈ। ਇਸ ਪੱਤਰਕਾਰ ਨੇ ਕੁਝ ਮਹੀਨੇ ਆਪਣਾ ਅਖ਼ਬਾਰ ਚਲਾਇਆ ਅਤੇ ਇਹ 2003-04 ਵਿਚ ਨਸ਼ਿਆਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਇਸ ਮਗਰੋਂ ਇਹ ਬਰਤਰਫ਼ ਕੀਤੇ ਪੁਲੀਸ ਅਫਸਰ ਜਗਦੀਸ਼ ਭੋਲਾ ਅਤੇ ਐਨ.ਆਰ.ਆਈ. ਡਰੱਗ ਤਸਕਰ ਅਨੂਪ ਸਿੰਘ ਕਾਹਲੋਂ ਦੇ ਸੰਪਰਕ ਵਿਚ ਆਇਆ। 

ਪੰਜਾਬ ਪੁਲੀਸ ਅਨੁਸਾਰ ਕੁਝ ਹੋਰ ਐਨ.ਆਰ.ਆਈਜ਼ ਦੀ ਪਛਾਣ ਜੌਹਨ ਗਿੱਲ, ਦਾਰਾ ਸਿੰਘ, ਲਹਿੰਬਰ ਸਿੰਘ, ਸੁੱਖਾ, ਜਸਵਿੰਦਰ ਸ਼ੋਕਰ ਅਤੇ ਮੇਜਰ ਨੱਤ ਵਜੋਂ ਹੋਈ ਹੈ। ਪੰਜਾਬ ਪੁਲੀਸ ਅਨੁਸਾਰ ਜਗਦੀਸ਼ ਭੋਲਾ ਨੇ ਇਨ੍ਹਾਂ ਐਨ.ਆਰ.ਆਈਜ਼ ਦੀ ਮਿਲੀਭੁਗਤ ਨਾਲ ਨਸ਼ਿਆਂ ਦਾ ਕਾਰੋਬਾਰ ਚਲਾਇਆ। ਹੁਣ ਇਹ ਸਾਰੇ ਫਰਾਰ ਹਨ। ਪਟਿਆਲਾ ਦੇ ਐਸ ਐਸ ਪੀ ਹਰਦਿਆਲ ਸਿੰਘ ਮਾਨ ਨੇ ਕਿਹਾ ਕਿ ਕਾਰਵਾਈ ਪਹਿਲਾਂ ਹੀ ਉੱਚ ਪੱਧਰ ’ਤੇ ਚੱਲ ਰਹੀ ਹੈ ਅਤੇ ਸ਼ਨਾਖ਼ਤ ਕੀਤੇ ਇਨ੍ਹਾਂ ਐਨ.ਆਰ.ਆਈਜ਼ ਦੀ ਗ੍ਰਿਫਤਾਰੀ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਬਹੁਤ ਸਾਰੇ ਅਹਿਮ ਖੁਲਾਸੇ ਹੋਣਗੇ।  ਇਹ ਸਾਰੇ ਕੌਮਾਂਤਰੀ ਪੱਧਰ ’ਤੇ ਨਸ਼ਿਆਂ ਦੀ ਸਮਗਲਿੰਗ ਨਾਲ ਜੁੜੇ ਹੋਏ ਹਨ। 

ਐਚ ਐਸ ਸਿੱਧੂ ਦੀ ਗ੍ਰਿਫਤਾਰੀ ਵੀ ਅਹਿਮ ਹੈ ਕਿਉਂਕਿ ਉਹ ਇਸ ਗਰੋਹ ਨੂੰ ਸੂਚਨਾ ਦੇਣ ਵਾਲਾ ਮੁੱਖ ਵਿਅਕਤੀ ਸੀ। ਉਸ ਦੀ ਮੀਡੀਆ ਨਾਲ ਨੇੜਤਾ ਹੋਣ ਕਰਕੇ ਉਹ ਆਪਣੇ ਸੰਪਰਕਾਂ ਰਾਹੀਂ ਪੰਜਾਬ ਅਤੇ ਕੈਨੇਡਾ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਸੀ। ਇਸ ਵੇਲੇ ਉਹ ਨਿਆਗਰਾ ਫਾਲਜ਼ ਨੇੜੇ ਸਟੋਰ ਚਲਾਉਂਦਾ ਹੈ ਪਰ ਪੰਜਾਬ ਵਿਚ ਨਸ਼ਿਆਂ ਬਾਰੇ ਹੋਏ ਖੁਲਾਸਿਆਂ ਮਗਰੋਂ ਉਹ ਗਾਇਬ ਹੈ।

ਟੋਰਾਂਟੋ ਤੋਂ ਪ੍ਰਤੀਕ ਸਿੰਘ ਅਨੁਸਾਰ ਐਚ ਐਸ ਸਿੱਧੂ ਨੇ ਆਪਣਾ ਪਰਚਾ ‘ਦੂਰ-ਦੇਸ਼’ ਸ਼ੁਰੂ ਕੀਤਾ ਸੀ। ਉਹ 2000 ਵਿਚ ਬਣੇ ਪੰਜਾਬੀ ਪ੍ਰੈਸ ਕਲੱਬ, ਕੈਨੇਡਾ ਦਾ ਮੈਂਬਰ ਸੀ। ਉਹ ਬਰੈਂਪਟਨ ਵਿਖੇ ਗਰਾਸਰੀ ਸਟੋਰ ਵੀ ਚਲਾਉਂਦਾ ਰਿਹਾ।



Archive

RECENT STORIES