Posted on November 28th, 2013

ਫਤਹਿਗੜ੍ਹ ਸਾਹਿਬ- ਪੰਜਾਬ ਵਿੱਚ ਫੜੇ ਗਏ ਡਰੱਗ ਸਮੱਗਲਰਾਂ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਤਾਣੇ ਬਾਣੇ ਨੂੰ ਜੱਗ ਜ਼ਾਹਰ ਕਰਨ ਵਾਲੇ ਪੰਜਾਬ ਪੁਲੀਸ ਦੇ ਤਫਤੀਸ਼ੀ ਅਧਿਕਾਰੀਆਂ ਨੇ ਪੰਜਾਬ ਪੁਲੀਸ ਤੋਂ ਆਪਣੀ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਇਨ੍ਹਾਂ ਅਧਿਕਾਰੀਆਂ ਨੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਪੱਤਰ ਲਿਖ ਕੇ ਮੰਗ ਕੀਤੀ ਹੈ। ਪੱਤਰ ਲਿਖਣ ਵਾਲਿਆਂ ਵਿੱਚ ਇੱਕ ਡੀਐਸਪੀ, ਦੋ ਇੰਸਪੈਕਟਰ ਤੇ ਇੱਕ ਸਬ ਇੰਸਪੈਕਟਰ ਪੱਧਰ ਦਾ ਅਧਿਕਾਰੀ ਸ਼ਾਮਲ ਹੈ। ਇਨ੍ਹਾਂ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਫੈਲੇ 3000 ਕਰੋੜ ਦੇ ਨਸ਼ੀਲੇ ਪਦਾਰਥਾਂ ਦੇ ਮੱਕੜਜਾਲ ਦਾ ਪਤਾ ਲਾਇਆ ਹੈ।
ਪੰਜਾਬ ਪੁਲੀਸ ਵਿਚਲੇ ਉੱਚ ਪੱਧਰੀ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਡਰੱਗ ਸਮੱਗਲਰ ਜਗਦੀਸ਼ ਭੋਲਾ ਤੇ ਉਸ ਦੇ ਨਜ਼ਦੀਕੀ ਪਰਵਾਸੀ ਭਾਰਤੀ ਅਨੂਪ ਸਿੰਘ ਕਾਹਲੋਂ ਤੇ ਹੋਰਨਾਂ ਕੋਲੋਂ ਕੀਤੀ ਪੁੱਛ-ਪੜਤਾਲ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੇ ਅਪਰਾਧ ਜਗਤ ਤੇ ਵਿਦੇਸ਼ਾਂ ਵਿੱਚ ਸਥਾਪਤ ਸਮਾਜ ਵਿਰੋਧੀ ਅਨਸਰਾਂ ਨਾਲ ਕਥਿਤ ਸਬੰਧ ਹਨ। ਸੂਤਰਾਂ ਅਨੁਸਾਰ 1980-90 ਦੇ ਦੌਰ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਆਪਣੀ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜ਼ਿੰਦਗੀ ਨੂੰ ਖਤਰੇ ਦਾ ਪ੍ਰਗਟਾਵਾ ਕੀਤਾ ਹੈ।
ਇਸ ਮਾਮਲੇ ਵਿੱਚ ਆਪਣੀ ਜਾਨ ਨੂੰ ਖ਼ਤਰਾ ਮੰਨ ਰਹੇ ਇੱਕ ਉੱਚ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਜੋਖ਼ਮ ਨਹੀਂ ਉਠਾ ਸਕਦੇ ਕਿਉਂਕਿ ਫੜੇ ਗਏ ਸਮੱਗਲਰਾਂ ਨੇ ਪੰਜਾਬ ਦੇ ਵੱਡੇ ਰਾਜਸੀ ਲੋਕਾਂ ਨਾਲ ਆਪਣੀ ਨੇੜਤਾ ਦਾ ਪ੍ਰਗਟਾਵਾ ਕੀਤਾ ਹੈ ਤੇ ਇਸ ਕਰਕੇ ਇਸ ਜਾਂਚ-ਪੜਤਾਲ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਚੌਕਸ ਹੋਣ ਦਾ ਪੂਰਾ-ਪੂਰਾ ਹੱਕ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦਾ ਇਹ ਧੰਦਾ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਅਤੇ ਹੁਣ ਤਕ ਅੰਤਰਰਾਸ਼ਟਰੀ ਮੰਡੀ ਵਿੱਚ ਇਨ੍ਹਾਂ ਕੋਲੋਂ 5000 ਕਰੋੜ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਚੁੱਕੇ ਹਨ।
ਇਸ ਤਾਜ਼ਾ ਘਟਨਾਕ੍ਰਮ ਸਬੰਧੀ ਨਾਭਾ ਦੇ ਡੀਐਸਪੀ ਅਰਸ਼ਦੀਪ ਸਿੰਘ ਥਿੰਦ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਇਹ ਮਾਮਲਾ ਪਟਿਆਲਾ ਦੇ ਐਸਐਸਪੀ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਤੇ ਉਨ੍ਹਾਂ ਦੇ ਰਾਹੀਂ ਸੂਬਾ ਪੁਲੀਸ ਦੇ ਸੁਰੱਖਿਆ ਵਿੰਗ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ। ਸ੍ਰੀ ਥਿੰਦ ਨੇ ਕਿਹਾ, ‘‘ਗ੍ਰਿਫ਼ਤਾਰ ਮੁਲਜ਼ਮਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਡਰੱਗਜ਼ ਤੋਂ ਬੇਹਿਸਾਬਾ ਪੈਸਾ ਕਮਾਇਆ ਹੈ ਤੇ ਉਨ੍ਹਾਂ ਦੇ ਭਾਰਤ ਤੇ ਭਾਰਤ ਤੋਂ ਬਾਹਰ ਪੂਰੀ ਤਰ੍ਹਾਂ ਸਬੰਧ ਸਥਾਪਤ ਹਨ। ਇਸ ਸਬੰਧੀ ਸ੍ਰੀ ਥਿੰਦ ਨੇ ਉੱਚ ਅਧਿਕਾਰੀਆਂ ਨੂੰ ਇੱਕ ਖ਼ੁਫ਼ੀਆ ਪੱਤਰ ਵੀ ਲਿਖਿਆ ਹੈ।
ਇਸ ਮਾਮਲੇ ਸਬੰਧੀ ਬਨੂੜ ਦੇ ਐਸਐਚਓ ਬਿਕਰਮਜੀਤ ਸਿੰਘ ਬਰਾੜ, ਜਿਸ ਨੇ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਮਾਮਲੇ ਦੀ ਪੜਤਾਲ ਕਰ ਰਿਹਾ ਹੈ ਤੇ ਹੁਣ ਤਕ 1500 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਬਰਾਮਦ ਕਰ ਚੁੱਕਾ ਹੈ, ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਉਨ੍ਹਾਂ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਤੇ 11 ਨਵੰਬਰ ਜਿਸ ਦਿਨ ਤੋਂ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਉਹ ਵਧੇਰੇ ਸਾਵਧਾਨ ਹੈ।
ਇਸ ਤੋਂ ਇਲਾਵਾ ਫਤਹਿਗੜ੍ਹ ਸਾਹਿਬ ਵਿੱਚ ਨਾਭਾ ਦੇ ਐਸਐਚਓ ਇੰਸਪੈਕਟਰ ਦਵਿੰਦਰ ਅਤਰੀ, ਜੋ ਅਨੂਪ ਸਿੰਘ ਕਾਹਲੋਂ ਤੋਂ ਇਸ ਮਾਮਲੇ ਵਿੱਚ ਪੜਤਾਲ ਕਰ ਰਹੇ ਹਨ, ਨੇ ਮੰਨਿਆ ਕਿ ਆਪਣੀ ਜਾਨ ਨੂੰ ਖ਼ਤਰਾ ਭਾਂਪਦਿਆਂ ਉਨ੍ਹਾਂ ਵੀ ਵਧੇਰੇ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸੀਆਈਏ ਦੇ ਇੰਸਪੈਕਟਰ ਅਵਤਾਰ ਸਿੰਘ ਨੇ ਵੀ ਵਧੇਰੇ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਸਬੰਧੀ ਪਟਿਆਲਾ ਦੇ ਐਸਐਸਪੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਪੁਲੀਸ ਅਧਿਕਾਰੀਆਂ ਨੇ ਵਧੇਰੇ ਸੁਰੱਖਿਆ ਦੀ ਮੰਗ ਕੀਤੀ ਹੈ। ਜਦੋਂ ਇਸ ਸਬੰਧੀ ਏਡੀਜੀਪੀ (ਸੁਰੱਖਿਆ) ਦਿਨਕਰ ਗੁਪਤਾ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਕੋਲੋਂ ਉਨ੍ਹਾਂ ਨੂੰ ਅਜੇ ਕੋਈ ਅਰਜ਼ੀ ਨਹੀਂ ਮਿਲੀ ਪਰ ਇਨ੍ਹਾਂ ਅਧਿਕਾਰੀਆਂ ਦੀ ਹਰ ਢੁੱਕਵੀਂ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੁੱਚੀ ਟੀਮ ਨੇ ਨਸ਼ੀਲੇ ਪਦਾਰਥਾਂ ਸਬੰਧੀ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕਰਕੇ ਪ੍ਰਸੰਸਾਯੋਗ ਕੰਮ ਕੀਤਾ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026