Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਮੇਧ ਸੈਣੀ ਨੇ ਕੀਤੀ ਹੋਰ ਅਦਾਲਤ 'ਚ ਕੇਸ ਤਬਦੀਲ ਕਰਨ ਦੀ ਮੰਗ

Posted on November 29th, 2013


ਨਵੀਂ ਦਿੱਲੀ : ਪੰਜਾਬ 'ਚ ਤਿੰਨ ਵਿਅਕਤੀਆਂ ਨੂੰ ਅਗਵਾ ਕਰਨ ਦੇ 19 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਪੰਜਾਬ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਵੀਰਵਾਰ ਨੂੰ ਤੀਹ ਹਜ਼ਾਰੀ ਕੋਰਟ 'ਚ ਪੇਸ਼ ਹੋਏ। ਉਨ੍ਹਾਂ ਜ਼ਿਲ੍ਹਾ ਜੱਜ ਕੋਲ ਅਰਜ਼ੀ ਦਾਖ਼ਲ ਕਰਕੇ ਮਾਮਲਾ ਕਿਸੇ ਹੋਰ ਅਦਾਲਤ 'ਚ ਤਬਦੀਲ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਜੱਜ ਏ ਕੇ ਚਾਵਲਾ ਨੇ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 9 ਦਸੰਬਰ ਨੂੰ ਹੋਵੇਗੀ। 

ਸੁਮੇਧ ਸਿੰਘ ਸੈਣੀ ਇਸ ਤੋਂ ਬਾਅਦ ਵਿਸ਼ੇਸ਼ ਜੱਜ ਏਕੇ ਮਹਿੰਦੀਰੱਤਾ ਦੀ ਅਦਾਲਤ 'ਚ ਪੇਸ਼ ਹੋਏ। ਸੈਣੀ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਕੇਸ ਤਬਦੀਲ ਕਰਨ ਦੀ ਮੰਗ ਕਰਦੇ ਹੋਏ ਜ਼ਿਲ੍ਹਾ ਜੱਜ ਦੀ ਅਦਾਲਤ 'ਚ ਅਰਜ਼ੀ ਦਾਖ਼ਲ ਕੀਤੀ ਜਾ ਚੁੱਕੀ ਹੈ। ਅਜਿਹੇ 'ਚ ਉਹ ਮਾਮਲੇ ਦੇ ਸ਼ਿਕਾਇਤਕਰਤਾ ਨਾਲ ਬਹਿਸ ਨਹੀਂ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 9 ਜਨਵਰੀ 2014 ਤਕ ਲਈ ਟਾਲ ਦਿੱਤੀ ਹੈ। ਇਸ ਮਾਮਲੇ 'ਚ ਇਸਤਗਾਸਾ ਪੱਖ ਦੀ ਗਵਾਹੀ ਚੱਲ ਰਹੀ ਹੈ। ਤੀਸਰੇ ਗਵਾਹ ਵਜੋਂ ਸ਼ਿਕਾਇਤਕਰਤਾ ਆਸ਼ੀਸ਼ ਕੁਮਾਰ ਨਾਲ ਬਹਿਸ ਚੱਲ ਰਹੀ ਹੈ। 

ਜ਼ਿਕਰਯੋਗ ਹੈ ਕਿ ਸੈਣੀ ਤੇ ਹੋਰ ਤਿੰਨ ਪੁਲਸ ਮੁਲਾਜ਼ਮਾਂ ਖ਼ਿਲਾਫ਼ ਲੁਧਿਆਣਾ ਦੇ ਵਪਾਰੀ ਪਰਿਵਾਰ ਦੇ ਦੋ ਮੈਂਬਰਾਂ ਤੇ ਡਰਾਈਵਰ ਨੂੰ ਅਗਵਾ ਕਰਨ ਦਾ ਕੇਸ ਚੱਲ ਰਿਹਾ ਹੈ। ਇਹ ਮਾਮਲਾ ਸੀਬੀਆਈ ਨੇ 18 ਅਪ੍ਰੈਲ 1994 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ 'ਤੇ ਦਰਜ ਕੀਤਾ ਸੀ। ਮਾਮਲੇ 'ਚ ਸ਼ਿਕਾਇਤਕਰਤਾ ਆਸ਼ੀਸ਼ ਕੁਮਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਭਰਾ ਵਿਨੋਦ, ਜਵਾਈ ਅਸ਼ੋਕ ਕੁਮਾਰ ਅਤੇ ਡਰਾਈਵਰ ਮੁਤਿਆਰ ਸਿੰਘ ਨੂੰ ਲੁਧਿਆਣਾ ਪੁਲਸ ਨੇ 15 ਮਾਰਚ 1994 ਨੂੰ ਪੁੱਛਗਿੱਛ ਲਈ ਘਰੋਂ ਚੁੱਕਿਆ ਸੀ ਅਤੇ ਉਦੋਂ ਤੋਂ ਉਨ੍ਹਾਂ ਦਾ ਕੋਈ ਪਤਾ-ਥਹੁ ਨਹੀਂ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਤਿੰਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ। ਬਾਅਦ 'ਚ ਸੁਪਰੀਮ ਕੋਰਟ ਨੇ ਸਾਲ 2004 'ਚ ਇਸ ਮਾਮਲੇ ਦੀ ਸੁਣਵਾਈ ਅੰਬਾਲਾ ਅਦਾਲਤ ਨੂੰ ਦਿੱਲੀ ਦੀ ਕੋਰਟ 'ਚ ਤਬਦੀਲ ਕਰਕੇ ਦਿੱਤੀ ਸੀ। ਸਾਲ 2006 'ਚ ਜਾਂਚ ਏਜੰਸੀ ਨੇ ਅਗਵਾ, ਅਪਰਾਧਿਕ ਸਾਜ਼ਿਸ਼, ਗ਼ਲਤ ਢੰਗ ਨਾਲ ਬੰਦੀ ਬਣਾਉਣ ਆਦਿ ਧਾਰਾਵਾਂ ਤਹਿਤ ਅਦਾਲਤ 'ਚ ਦੋਸ਼ ਪੱਤਰ ਦਾਖ਼ਲ ਕੀਤਾ ਸੀ।




Archive

RECENT STORIES