Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਲੁਧਿਆਣਾ ਨੇੜੇ ਇਕ ਪਿੰਡ ਵਿੱਚ ਲੁਕਿਆ ਰਿਹਾ ਆਸਾਰਾਮ ਦਾ ‘ਨਰਾਇਣ’ ਸਿੱਖ ਦੇ ਭੇਸ ’ਚ ਗ੍ਰਿਫ਼ਤਾਰ

Posted on December 4th, 2013



ਨਵੀਂ ਦਿੱਲੀ- ਸੂਰਤ ’ਚ ਜਬਰ ਜਨਾਹ ਦੇ ਇਕ ਮਾਮਲੇ ’ਚ 58 ਦਿਨਾਂ ਤੋਂ ਵੱਖ-ਵੱਖ ਸੂਬਿਆਂ ’ਚ ਲੁਕ ਰਹੇ ਤੇ ਇਨਾਮੀ ਭਗੌੜੇ ਆਸਾਰਾਮ ਦੇ ਪੁੱਤਰ ਨਰਾਇਣ ਸਾਈਂ ਨੂੰ ਦਿੱਲੀ ਪੁਲੀਸ ਨੇ ਸਿੱਖ ਦੇ ਭੇਸ ’ਚ ਕੁਰੂਕਸ਼ੇਤਰ ਨੇੜੇ ਪਿੱਪਲੀ ਤੋਂ ਕਾਬੂ ਕਰ ਲਿਆ। ਨਰਾਇਣ ਨੂੰ ਪੁਲੀਸ ਨੇ ਦਿੱਲੀ ਦੀ ਰੋਹਿਣੀ ਦੀ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸ ਦਾ 24 ਘੰਟਿਆਂ ਲਈ ਗੁਜਰਾਤ ਪੁਲੀਸ ਨੂੰ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਤੇ ਉਸ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਸ ਦੇ ਤਿੰਨ ਸਹਿਯੋਗੀਆਂ ਹਨੂੰਮਾਨ, ਡਰਾਈਵਰ ਰਮੇਸ਼ ਤੇ ਇਕ ਨਾਬਾਲਗ ਨੂੰ ਵੀ ਨਾਲ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹਨੂੰਮਾਨ ਉਰਫ਼ ਕੌਸ਼ਲ ਠਾਕੁਰ ਨਰਾਇਣ ਸਾਈਂ ਨਾਲ ਨਾਮਜ਼ਦ ਹੈ ਤੇ ਪੁਲੀਸ ਨੇ ਉਸ ਉਪਰ ਵੀ 1 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ। ਨਰਾਇਣ ਉਪਰ ਵੀ ਪੰਜ ਲੱਖ ਦਾ ਇਨਾਮ ਹੈ।

ਦਿੱਲੀ ਪੁਲੀਸ ਨੇ ਇਨ੍ਹਾਂ ਨੂੰ ਦਿੱਲੀ-ਹਰਿਆਣਾ ਹੱਦ ’ਤੇ ਕਰੂਕਸ਼ੇਤਰ ਦੇ ਪਿੱਪਲੀ ਨੇੜਿਉਂ ਉਦੋਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਲੁਧਿਆਣਾ ਤੋਂ ਦਿੱਲੀ ਉੱਤਰ ਪ੍ਰਦੇਸ਼ ਦੇ ਨੰਬਰ ਵਾਲੀ ਗੱਡੀ  ’ਚ ਆ ਰਹੇ ਸਨ।

ਉਸ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਦੇ ਰੋਹਿਣੀ ਥਾਣਾ ਵਿਖੇ ਅਪਰਾਧ ਸ਼ਾਖਾ ਨੇ ਲਿਆਂਦਾ ਤੇ ਸ਼ੁਰੂਆਤੀ ਪੁੱਛ-ਪੜਤਾਲ ਕੀਤੀ। ਅਪਰਾਧ ਸ਼ਾਖਾ ਦੇ ਅਧਿਕਾਰੀਆਂ ਮੁਤਾਬਕ ਲੁਧਿਆਣਾ ਦੇ ਇਕ ਪਿੰਡ ’ਚ ਨਰਾਇਣ ਸਾਈਂ ਦੇ ਪਨਾਹ ਲਏ ਹੋਣ ਦੀ ਪੱਕੀ ਸੂਹ ਮਿਲੀ ਤਾਂ 2 ਦਸੰਬਰ ਨੂੰ ਦਿੱਲੀ ਪੁਲੀਸ ਦੀ ਇਕ ਟੀਮ ਲੁਧਿਆਣਾ ਭੇਜੀ ਗਈ ਤੇ ਫਿਰ 3 ਦਸੰਬਰ ਨੂੰ ਇਕ ਹੋਰ ਟੀਮ ਨੂੰ ਉਥੇ ਭੇਜਿਆ ਗਿਆ। ਸੂਤਰਾਂ ਮੁਤਾਬਕ ਜੱਦੋਂ ਤਕ ਪੁਲੀਸ ਉਸ  ਤਕ ਪੁੱਜਦੀ ਉਦੋਂ ਤੱਕ ਆਸਾਰਾਮ ਦਾ ਪੁੱਤਰ ਦਿੱਲੀ ਲਈ ਤੁਰ ਪਿਆ। ਅਪਰਾਧ ਸ਼ਾਖਾ ਦੇ ਅਧਿਕਾਰੀ ਕੁਮਾਰ ਗਿਆਨੇਸ਼ ਮੁਤਾਬਕ ਪੁਲੀਸ ਨੇ ਕਈ ਸਥਾਨਾਂ ’ਤੇ ਆਪਣੀਆਂ ਟੀਮਾਂ ਲਾਈਆਂ ਹੋਈਆਂ ਸਨ। ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੰਬਾਲਾ ਵਿਖੇ ਤਾਇਨਾਤ ਟੀਮ ਨੇ ਇੱਕ ਐਸਯੂਵੀ ਫੋਰਡ ਈਕੋ ਯੂ.ਪੀ.15 ਬੀ ਐਚ/0033 ਇਕ ਪੈਟਰੋਲ ਪੰਪ ’ਤੇ ਵੇਖੀ। ਇਸ ਗੱਡੀ ਦਾ ਪਿੱਛਾ ਕਰਦੇ ਹੋਏ ਪੁਲੀਸ ਨੇ ਕੌਮੀ ਰਾਹ ਨੰਬਰ ਇੱਕ ’ਤੇ ਕਰੂਕਸ਼ੇਤਰ ਦੇ ਪਿੱਪਲੀ ’ਚ ਇਸ ਨੂੰ ਰੋਕ ਕੇ ਤਲਾਸ਼ੀ ਲਈ ਤੇ ਇਸ ’ਚ ਬੈਠੇ ਵਿਅਕਤੀਆਂ ਦੀ ਪਛਾਣ ਕੀਤੀ ਗਈ। ਅੰਦਰ ਨਾਰੰਗੀ ਰੰਗ ਦੀ ਪੱਗ ਬੰਨ੍ਹੀ, ਜੀਨ ਤੇ ਸ਼ਰਟ, ਜਾਕੇਟ ਪਹਿਨੇ ਬੈਠਾ ਨੌਜਵਾਨ ਨਰਾਇਣ ਸਾਈਂ ਸੀ, ਜਿਸ ਨੂੰ ਪੁਲੀਸ ਪਿਛਲੇ ਦੋ ਮਹੀਨੇ ਤੋਂ ਲੱਭ ਰਹੀ ਸੀ। ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤ ’ਚ ਲੈ ਲਿਆ।

ਪੁਲੀਸ ਨੇ ਉਨ੍ਹਾਂ ਕੋਲੋਂ 2.61 ਲੱਖ ਰੁਪਏ, 6 ਮੋਬਾਈਲ, ਕਈ ਕੰਪਨੀਆਂ ਦੇ ‘ਸਿਮ ਕਾਰਡ’ ਤੇ ਵੱਡੀ ਮਾਤਰਾ ’ਚ ਸੁੱਕੇ ਮੇਵੇ ਵੀ ਬਰਾਮਦ ਕੀਤੇ ਹਨ। 41 ਸਾਲਾਂ ਦੇ ਸਾਈਂ ਦਾ ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਤੇ ਬਿਹਾਰ ’ਚ ਛੁਪੇ ਹੋਣ ਦਾ ਪਤਾ ਲੱਗ ਰਿਹਾ ਸੀ ਤੇ ਉਹ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ। ਉਹ ਫੋਨ ਨੰਬਰ ਵੀ ਬਦਲ ਲੈਂਦਾ ਸੀ। ਜਿਸ ਗੱਡੀ ’ਚ ਉਹ ਸਵਾਰ ਸੀ ਉਸ ਦੀ ਮਾਲਕ ਮੇਰਠ ਦੀ ਨੇਹਾ ਦੀਵਾਨ ਹੈ। ਆਸਾਰਾਮ ਦੇ 400 ਦੇ ਕਰੀਬ ਆਸ਼ਰਮ ਦੇਸ਼ ਭਰ ’ਚ ਬਣਾਏ ਹੋਏ ਹਨ ਤੇ ਸ਼ੱਕ ਕੀਤਾ ਜਾਂਦਾ ਸੀ ਕਿ ਨਰਾਇਣ ਇਨ੍ਹਾਂ ਆਸ਼ਰਮਾਂ ਦੇ ਨੇੜੇ-ਤੇੜੇ ਹੀ ਆਪਣੀ ਠਾਹਰ ਬਣਾਉਂਦਾ ਸੀ। ਸਾਈਂ ਖ਼ਿਲਾਫ਼ ਜਦੋਂ ਮਾਮਲਾ ਦਰਜ ਕੀਤਾ ਗਿਆ ਤਾਂ ਉਹ ਆਗਰਾ ਗਿਆ ਤੇ ਫਿਰ ਉੱਥੋਂ ਦਿੱਲੀ ਤੇ ਅੱਗੋਂ ਉਹ ਯੂ.ਪੀ. ਦੇ ਸੀਤਾਪੁਰ ਚਲਾ ਗਿਆ। ਉਹ ਹਰਿਦੁਆਰ, ਨੋਇਡਾ ਸਮੇਤ ਮਹਾਰਾਸ਼ਟਰ, ਬਲਸਾੜ, ਉਦੈਪੁਰ ਤੇ ਦਿੱਲੀ ਦੇ ਰਜੌਰੀ ਗਾਰਡਨ ’ਚ ਰਹਿਣ ਸਮੇਤ ਹੋਰ ਟਿਕਾਣੇ ਬਦਲਦਾ ਰਿਹਾ। ਪੁਲੀਸ ਨੇ ਨੇਪਾਲ ’ਚ ਨਰਾਇਣ ਸਾਈਂ ਦੇ ਭਗੌੜਾ ਹੋਣ ਦੇ ਪੋਸਟਰ ਲਾਏ ਸਨ।

ਉਸ ’ਤੇ ਭਾਰਤੀ ਦੰਡਾਵਲੀ ਦੀ ਧਾਰਾ 376, 377 ਤੇ 342 ਤੇ ਹੋਰ ਧਾਰਾਵਾਂ ਹੇਠ ਗੁਜਰਾਤ ਦੇ ਜਾਂਗੀਰਪੁਰਾ ’ਚ ਦੋ ਭੈਣਾਂ ਨਾਲ ਕਥਿਤ ਬਲਾਤਕਾਰ ਦਾ ਮਾਮਲਾ 6 ਅਕਤੂਬਰ 2013 ਨੂੰ ਦਰਜ ਕੀਤਾ ਗਿਆ ਸੀ। ਭੈਣਾਂ ਨੇ ਦੋਸ਼ ਲਾਇਆ ਸੀ ਕਿ ਆਸਾਰਾਮ ਤੇ ਨਰਾਇਣ ਨੇ ਉਨ੍ਹਾਂ ਨਾਲ 2002 ਤੋਂ 2005 ਦਰਮਿਆਨ ਜਬਰ ਜਿਨਾਹ ਕੀਤਾ ਸੀ। ਗ੍ਰਿਫ਼ਤਾਰ ਕਰਨ ਪਿੱਛੋਂ ਨਰਾਇਣ ਸਾਈਂ ਦਾ ਦਿੱਲੀ ਦੇ ਅੰਬੇਦਕਰ ਹਸਪਤਾਲ ’ਚ ਡਾਕਟਰੀ ਮੁਆਇਨਾ ਕਰਵਾਇਆ ਗਿਆ।




Archive

RECENT STORIES