Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੰਦੀ ਸਿੱਖ ਰਿਹਾਈ ਮਾਰਚ’ ਰਵਾਨਾ ਹੋਣ ਮੌਕੇ ਹੋਈ ਤਲਖ਼ੀ ਤੇ ਧੱਕਾ-ਮੁੱਕੀ - ਮਾਰਚ ਦਾ ਸ਼ਾਮ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚਣ ’ਤੇ ਸਿੱਖ ਸੰਗਤ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ

Posted on December 4th, 2013



ਅੰਮ੍ਰਿਤਸਰ/ਮੁਹਾਲੀ- ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰਦਿਆਂ ਪਿਛਲੇ 20 ਦਿਨਾਂ ਤੋਂ ਮੁਹਾਲੀ ਵਿੱਚ ਮਰਨ ਵਰਤ ’ਤੇ ਬੈਠੇ ਗੁਰਬਖ਼ਸ਼ ਸਿੰਘ ਦੇ ਹੱਕ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕੱਢੇ ਗਏ ‘ਬੰਦੀ ਸਿੱਖ ਰਿਹਾਈ ਮਾਰਚ’ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਕਾਰਨ ਇਥੇ ਤਣਾਅ ਵਾਲਾ ਮਾਹੌਲ ਬਣਿਆ ਰਿਹਾ। ਪੁਲੀਸ ਅਤੇ ਮਾਰਚ ਕਰ ਰਹੇ ਸਿੱਖ ਕਾਰਕੁਨਾਂ ਵਿਚਾਲੇ ਧੱਕਾ ਮੁੱਕੀ ਵੀ ਹੋਈ ਅਤੇ ਕੁਝ ਸਿੱਖ ਆਗੂਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਵੀ ਲੈ ਲਿਆ ਸੀ।

ਸਿੱਖ ਜਥੇਬੰਦੀਆਂ; ਦਲ ਖ਼ਾਲਸਾ, ਪੰਥਕ ਸੇਵਾ ਲਹਿਰ, ਅਕਾਲੀ ਦਲ ਪੰਚ ਪ੍ਰਧਾਨੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਮਦਮੀ ਟਕਸਾਲ ਸੰਗਰਾਵਾਂ, ਫੈਡਰੇਸ਼ਨ ਭਿੰਡਰਾਂਵਾਲਾ, ਫੈਡਰੇਸ਼ਨ ਪੀਰ ਮੁਹੰਮਦ ਆਦਿ ਦੇ ਆਗੂ ਅਤੇ ਕਾਰਕੁਨ ਸਵੇਰੇ ਅਕਾਲ ਤਖ਼ਤ ਵਿਖੇ ਇਕੱਠੇ ਹੋਏ। ਇੱਥੋਂ ਰਿਹਾਈ ਮਾਰਚ ਦੀ ਸ਼ੁਰੂਆਤ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਰਦਾਸ ਕੀਤੀ। 

ਉਪਰੰਤ ਮਾਰਚ ਨਾਲ ਰਵਾਨਾ ਹੋਣ ਲਈ ਜਦੋਂ ਹੀ ਸਿੱਖ ਆਗੂ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਬਾਹਰ ਨਿਕਲਣੇ ਸ਼ੁਰੂ ਹੋਏ ਤਾਂ ਉਥੇ ਤਾਇਨਾਤ ਪੁਲੀਸ ਫੋਰਸ ਨੇ ਸਿੱਖ ਆਗੂਆਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਕੁਝ ਸਮਰਥਕਾਂ ਸਮੇਤ ਪੁਲੀਸ ਨੇ ਹਿਰਾਸਤ ਵਿੱਚ ਲਿਆ। ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੂੰ ਬੀਤੀ ਰਾਤ ਹੀ ਉਨ੍ਹਾਂ ਦੇ ਘਰ ਤੋਂ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਇਸੇ ਤਰ੍ਹਾਂ ਖ਼ਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਦੇ ਘਰ ਦੇ ਬਾਹਰ ਪੁਲੀਸ ਤਾਇਨਾਤ ਰਹੀ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਨਹੀਂ ਆਉਣ ਦਿੱਤਾ ਗਿਆ। 

ਪੁਲੀਸ ਦੇ ਇਸ ਵਤੀਰੇ ਦੀ ਜਾਣਕਾਰੀ ਮਿਲਦਿਆਂ ਹੀ ਮਾਰਚ ਵਿੱਚ ਸ਼ਾਮਲ ਸਿੱਖ ਕਾਰਕੁਨਾਂ ਨੇ ਰਾਹ ਬਦਲ ਲਿਆ ਅਤੇ ਸ੍ਰੀ ਗੁਰੂ ਰਾਮਦਾਸ ਸਰਾਂ ਵਾਲੇ ਪਾਸਿਉਂ ਮਾਰਚ ਸ਼ੁਰੂ ਕੀਤਾ। ਤੁਰੰਤ ਪੁਲੀਸ ਨੇ ਵੀ ਇਨ੍ਹਾਂ ਨੂੰ ਵੀ ਰੋਕਣ ਦਾ ਯਤਨ ਕੀਤਾ। ਇਸ ਯਤਨ ਤਹਿਤ ਪੁਲੀਸ ਅਤੇ ਸਿੱਖ ਕਾਰਕੁਨਾਂ ਵਿਚਾਲੇ ਧੱਕਾਮੁੱਕੀ ਤੇ ਤਲਖ਼ਕਲਾਮੀ ਹੋਈ। ਮਾਰਚ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਵਿੱਚੋਂ ਇੱਕ ਦੀ ਦਸਤਾਰ ਉਤਰ ਗਈ, ਜਿਸ ਕਾਰਨ ਮਾਹੌਲ ਹੋਰ ਵੀ ਗਰਮ ਹੋ ਗਿਆ। ਪੁਲੀਸ ਵੱਲੋਂ ਰੋਕੇ ਜਾਣ ’ਤੇ ਸਮੂਹ ਕਾਰਕੁਨਾਂ ਨੇ ਉਥੇ ਹੀ ਧਰਨਾ ਦੇ ਦਿੱਤਾ ਅਤੇ ਸਰਕਾਰ ਦੇ ਇਸ ਵਤੀਰੇ ਖ਼ਿਲਾਫ਼ ਮਰਨ ਵਰਤ ਸ਼ੁਰੂ ਕਰਨ ਦਾ ਐਲਾਨ ਕੀਤਾ। ਇੱਥੇ ਲਗਪਗ ਇੱਕ ਘੰਟਾ ਧਰਨਾ ਜਾਰੀ ਰਿਹਾ। ਸਥਿਤੀ ਵਿਗੜਦੀ ਦੇਖ ਕੇ ਕੁਝ ਦੇਰ ਬਾਅਦ ਗਿਆਨੀ ਗੁਰਬਚਨ ਸਿੰਘ ਅਤੇ ਭਾਈ ਜਸਬੀਰ ਸਿੰਘ ਰੋਡੇ ਮੌਕੇ ’ਤੇ ਪੁੱਜ ਗਏ। ਉਨ੍ਹਾਂ ਨੇ ਸਿੱਖ ਕਾਰਕੁਨਾਂ ਤੇ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਸਿੱਖ ਕਾਰਕੁਨਾਂ ਨੇ ਇਹ ਮਾਰਚ ਅਮਨ ਸ਼ਾਂਤੀ ਨਾਲ ਕੱਢੇ ਜਾਣ ਦਾ ਭਰੋਸਾ ਦਿੱਤਾ, ਜਿਸ ’ਤੇ ਸਰਕਾਰ ਨੇ ਇਸ ਮਾਰਚ ਨੂੰ ਅਗਾਂਹ ਜਾਣ ਦੀ ਆਗਿਆ ਦੇ ਦਿੱਤੀ।  ਮਾਰਚ ਦੀ ਰਵਾਨਗੀ ਤੋਂ ਬਾਅਦ ਦੁਪਹਿਰ ਵੇਲੇ ਪੁਲੀਸ ਨੇ ਹਿਰਾਸਤ ਵਿੱਚ ਲਏ ਸਿੱਖ ਆਗੂਆਂ ਨੂੰ ਛੱਡ ਦਿੱਤਾ।

ਇਸੇ ਦੌਰਾਨ ਦਲ ਖ਼ਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਸਰਬਜੀਤ ਸਿੰਘ ਘੁਮਾਣ ਆਦਿ ਨੂੰ ਜਦੋਂ ਇਹ ਜਾਣਕਾਰੀ ਮਿਲੀ ਕਿ ਪੁਲੀਸ ਵੱਲੋਂ ਇਸ ਮਾਰਚ ਨੂੰ ਰੋਕ ਦਿੱਤਾ ਗਿਆ ਹੈ ਤਾਂ ਉਹ ਅਕਾਲ ਤਖ਼ਤ ਵਿਖੇ ਜਾਣ ਦੀ ਥਾਂ ਨਿਊ ਅੰਮ੍ਰਿਤਸਰ ਵਿਖੇ ਇਕੱਠੇ ਹੋ ਗਏ ਅਤੇ ਉਥੋਂ ਮਾਰਚ ਸ਼ੁਰੂ ਕਰ ਦਿੱਤਾ। ਇਸ ਦੀ ਸੂਚਨਾ ਪੁਲੀਸ ਨੂੰ ਮਿਲਣ ’ਤੇ ਇਸ ਮਾਰਚ ਨੂੰ ਵੀ ਬਿਆਸ ਨੇੜੇ ਰੋਕ ਲਿਆ ਗਿਆ। ਮਾਰਚ ਵਿੱਚ ਸ਼ਾਮਲ ਸਿੱਖ ਆਗੂਆਂ ਨੇ ਬਿਆਸ ਵਿਖੇ ਧਰਨਾ ਦੇ ਦਿੱਤਾ। ਜਦੋਂ ਅੰਮ੍ਰਿਤਸਰ ਤੋਂ ਰਿਹਾਈ ਮਾਰਚ ਨੂੰ ਚੱਲਣ ਦੀ ਪ੍ਰਵਾਨਗੀ ਦਿੱਤੀ ਗਈ ਤਾਂ ਬਿਆਸ ਵਿਖੇ ਰੋਕੇ ਗਏ ਮਾਰਚ ਨੂੰ ਵੀ ਅਗਾਂਹ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਗਈ।

ਸ਼ਾਮ ਨੂੰ ਪੱਤਰਕਾਰ ਸੰਮੇਲਨ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਇਹ ਸਥਿਤੀ ਗਲਤਫਹਿਮੀ ਕਾਰਨ ਪੈਦਾ ਹੋਈ ਹੈ ਕਿਉਂਕਿ ਰਿਹਾਈ ਮਾਰਚ ਕੱਢਣ ਵਾਲੇ ਸਿੱਖ ਆਗੂਆਂ ਨੇ ਇਸ ਬਾਰੇ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਉਨ੍ਹਾਂ ਆਖਿਆ ਕਿ ਉਹ ਭਾਈ ਗੁਰਬਖਸ਼ ਸਿੰਘ ਦੀਆਂ ਮੰਗਾਂ ਤੋਂ ਸਹਿਮਤ ਹਨ ਅਤੇ ਉਹ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਵੀ ਲਿਆ ਚੁੱਕੇ ਹਨ।

ਸਜ਼ਾਵਾਂ ਕੱਟ ਚੁੱਕੇ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਮੰਗ ਸਬੰਧੀ ‘ਬੰਦੀ ਸਿੱਖ ਰਿਹਾਈ ਮਾਰਚ’ ਦਾ ਸ਼ਾਮ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚਣ ’ਤੇ ਸੰਤ ਸਮਾਜ, ਧਾਰਮਿਕ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸਿੱਖ ਸੰਗਤ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਅਕਾਲ ਤਖ਼ਤ ਤੋਂ ਸਵੇਰੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਏ ‘ਬੰਦੀ ਸਿੱਖ ਰਿਹਾਈ ਮਾਰਚ’ ਦੇ ਪੰਥਕ ਕਾਫ਼ਲੇ ਵਿੱਚ ਸ਼ਾਮਲ ਆਗੂਆਂ ਵਿੱਚ ਭਾਈ ਮੋਹਕਮ ਸਿੰਘ, ਭਾਈ ਜਸਬੀਰ ਸਿੰਘ ਰੋਡੇ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਹਰਪਾਲ ਸਿੰਘ ਚੀਮਾ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਆਦਿ ਸ਼ਾਮਲ ਸਨ। ਹਰਿਆਣਾ ਦੇ ਭਾਈ ਗੁਰਬਖ਼ਸ਼ ਸਿੰਘ ਖਾਲਸਾ (ਕੁਰੂਕਸ਼ੇਤਰ) ਨੇ ਸਟੇਜ ਤੋਂ ਬੋਲਦਿਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਿੱਖਾਂ ਦੀ ਰਿਹਾਈ ਲਈ ਸਰਕਾਰਾਂ ’ਤੇ ਦਬਾਅ ਪਾਉਣ ਲਈ ਵੱਖ-ਵੱਖ ਸ਼ਹਿਰਾਂ ’ਚੋਂ ਲੜੀਵਾਰ ਰੋਸ ਮਾਰਚ ਕੀਤੇ ਜਾਣ। 

ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿੱਖਾਂ ਦੀ ਰਿਹਾਈ ਸਬੰਧੀ ਸੰਗਤ ਨੂੰ ਕੋਈ ਠੋਸ ਪ੍ਰੋਗਰਾਮ ਉਲੀਕ ਕੇ ਦਿੱਤਾ ਜਾਵੇ ਅਤੇ ਸਿੱਖਾਂ ਦੀ ਬਿਨਾਂ ਸ਼ਰਤ ਰਿਹਾਈ ਤੋਂ ਬਗੈਰ ਸਰਕਾਰ ਦੀ ਕੋਈ ਮੰਨ ਨਾ ਮੰਨੀ ਜਾਵੇ। ਇਸ ਮੌਕੇ ਜਸਟਿਸ ਅਜੀਤ ਸਿੰਘ ਬੈਂਸ, ਪੰਜਾਬ ਦੇ ਸਾਬਕਾ ਡੀ.ਜੀ.ਪੀ. (ਜੇਲ੍ਹਾਂ) ਸ਼ਸ਼ੀ ਕਾਂਤ, ਬਾਬਾ ਬਲਜੀਤ ਸਿੰਘ ਦਾਦੂਵਾਲ, ਅਖੰਡ ਕੀਰਤਨੀ ਜਥੇ ਦੇ ਮੁਖੀ ਆਰ.ਪੀ. ਸਿੰਘ, ਦਲ ਖਾਲਸਾ ਦੇ ਮੁਖੀ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਰਜਿੰਦਰ ਸਿੰਘ ਖੁਰਾਣਾ, ਫਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਤੇ ਗੁਰਿੰਦਰਪਾਲ ਸਿੰਘ ਧਨੌਲਾ, ਸੰਤ ਸਮਾਜ ਦੇ ਮੁੱਖ ਬੁਲਾਰੇ ਬਾਬਾ ਸੁਖਵਿੰਦਰ ਸਿੰਘ ਰਤਵਾੜਾ  ਸਾਹਿਬ, ਭਾਈ ਕਮਿੱਕਰ ਸਿੰਘ, ਜਥੇਦਾਰ ਬਲਦੇਵ ਸਿੰਘ ਸਿਰਸਾ ਆਦਿ ਹਾਜ਼ਰ ਸਨ।



Archive

RECENT STORIES