Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗਰੇਟਰ ਵੈਨਕੂਵਰ ਤੇ ਗਰੇਟਰ ਟਰਾਂਟੋ ਦੇ ਪੰਜਾਬੀ ਕਿਵੇਂ ਰਗੜੇ ਗਏ

Posted on January 17th, 2026

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਇਹ ਲੇਖਕ ਦੀ ਸੋਚ ਅਤੇ ਸੀਮਤ ਗਿਆਨ ‘ਤੇ ਅਧਾਰਤ ਲਿਖਤ ਹੈ। ਸਭ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਕੁਝ ਹੋਰ ਲਿਖਣੋਂ ਰਹਿ ਵੀ ਗਿਆ ਹੋ ਸਕਦਾ।

**1 ਘਰ ਜਾਇਦਾਦ ਵਿੱਚ ਸ਼ਾਮਲ ਲੋਕ **

ਪਿਛਲੇ ਪੱਚੀ-ਤੀਹ ਸਾਲ ਤੋਂ ਇੱਕ ਫ਼ਾਰਮੂਲਾ ਚੱਲ ਰਿਹਾ ਸੀ ਕਿ ਜਲਦ ਤੋਂ ਜਲਦ ਘਰ ਲਵੋ, ਬੇਸ਼ੱਕ ਹਿੱਸੇ ਪਾ ਕੇ ਲਵੋ, ਓਹਨੇ ਮਹਿੰਗਾ ਹੋ ਜਾਣਾ। ਉਸ ‘ਚੋਂ ਪੈਸੇ ਕੱਢ ਕੇ ਇੱਕ ਹੋਰ ਲੈ ਲਓ, ਇੱਕ ਘਰ ਹਿੱਸੇਦਾਰ ਨੂੰ ਦੇ ਦਿਓ ਤੇ ਦੂਜਾ ਆਪਣੇ ਕੋਲ ਰੱਖ ਲਓ। ਮੌਰਗੇਜ ਘਰ ਦੀ ਇਕੁਅਟੀ (ਵਿੱਚ ਜਮਾਂ ਰਕਮ) ਉੱਤੇ ਮਿਲਦੀ ਹੁੰਦੀ ਸੀ।

ਫਿਰ ਇੱਕ ਘਰ ਹੋਰ ਫਸਾ ਲਓ, ਫਿਰ ਇੱਕ ਹੋਰ। ਨਵਾਂ ਟਾਊਨਹਾਊਸ ਬੁੱਕ ਕਰਾ ਲਓ, ਘਰ ਬੁੱਕ ਕਰਾ ਲਓ, ਕੰਡੋ ਬੁੱਕ ਕਰਾ ਲਓ। ਮਾਰਕੀਟ ‘ਚ ਤੇਜ਼ੀ ਸੀ, ਬਾਹਰਲੇ ਮੁਲਕਾਂ ਦਾ ਖਰੀਦਦਾਰ ਪੈ ਰਿਹਾ ਸੀ, ਬੇਸ਼ੱਕ ਉਸਨੇ ਰਹਿਣਾ ਨਹੀਂ ਸੀ ਪਰ ਇਸ ਨਾਲ ਘਰ ਮਹਿੰਗੇ ਹੋ ਰਹੇ ਸਨ। ਲੋਕ ਆ ਰਹੇ ਸਨ, ਕਿਰਾਏ ਵਧ ਰਹੇ ਸਨ, ਕਿਰਾਏ ਦੇ ਘਰ ਕਿਸ਼ਤ ਚੁੱਕ ਰਹੇ ਸਨ। ਫਿਰ ਉਹ ਲਿਆ ਜਾਂ ਬੁੱਕ ਕਰਾਇਆ ਘਰ ਬਿਆਨੇ ‘ਤੇ ਹੀ ਵੇਚ ਕੇ ਜਾਂ ਰਜਿਸਟਰੀ ਕਰਾ ਵੇਚ ਕੇ ਮੁਨਾਫ਼ਾ ਕਮਾਇਆ। ਇਹੀ ਕੰਮ ਵਾਰ ਵਾਰ ਕੀਤਾ ਤੇ ਪੈਸਾ ਕਮਾਇਆ। ਇਹੀ ਕੰਮ ਕਮਰਸ਼ੀਅਲ ਲੈਂਡ ਤੇ ਫਾਰਮਾਂ ‘ਚ ਹੋ ਰਿਹਾ ਸੀ। ਮਹੀਨਿਆਂ ‘ਚ ਹੀ ਲੱਖਾਂ ਬਣ ਰਹੇ ਸਨ।

ਫਿਰ ਕੋਵਿਡ ਦੇ ਅੰਤ ‘ਤੇ ਵਿਆਜ ਵਧਣ ਲੱਗੇ, ਬਾਹਰਲੇ ਮੁਲਕਾਂ ਦੇ ਖਰੀਦਦਾਰਾਂ ‘ਤੇ ਪਾਬੰਦੀਆਂ ਲੱਗ ਗਈਆਂ। ਇਮੀਗਰੇਸ਼ਨ ‘ਤੇ ਸਖਤੀ ਹੋ ਗਈ। ਲੋਕ ਆਉਣੋਂ ਘੱਟ ਗਏ। ਕਿਰਾਏ ਕਿਸ਼ਤਾਂ ਚੁੱਕਣੋਂ ਹਟ ਗਏ। ਤਿੰਨ ਸਾਲ ਤੋਂ ਹੁਣ ਇਹੀ ਚੱਲ ਰਿਹਾ, ਲੋਕਾਂ ਦੇ ਕੋਲ ਪਏ ਪੈਸੇ ਕਿਸ਼ਤਾਂ ‘ਚ ਚਲੇ ਗਏ। ਹੋਰ ਕਰਜ਼ੇ ਚੁੱਕੇ, ਹੱਥ ਉਧਾਰ ਫੜੇ, ਸਭ ਕਿਸ਼ਤਾਂ ਖਾ ਗਈਆਂ।

ਇਸ ਵੇਲੇ ਵੱਡੇ ਨੇ ਚਾਹੇ ਛੋਟੇ, ਸਭ ਤੰਗ ਹਨ। ਪੈਸੇ ਮੁੱਕ ਗਏ, ਜਾਇਦਾਦ ਵਿਕ ਨੀ ਰਹੀ, ਕਿਸ਼ਤਾਂ ਖੂਹ ਦੀਆਂ ਟਿੰਡਾਂ ਵਾਂਗ ਮੁੜ-ਮੁੜ ਆ ਰਹੀਆਂ, ਹੱਥ ਖੜ੍ਹੇ ਹੋ ਗਏ। ਘਰ-ਵਪਾਰ ਬੈਂਕਾਂ ਨੂੰ ਜਾਣ ਲੱਗੇ ਹਨ।

ਘਰਾਂ ਦੀ ਮਾਰਕੀਟ ਖੜ੍ਹਨ ਨਾਲ ਘਰਾਂ ਦਾ ਕੰਮ ਕਰਦੇ ਲੋਕ ਵਿਹਲੇ ਹੋ ਗਏ। ਘਰ ਪੈਸਾ ਨਾ ਆਉਣ ਕਾਰਨ ਬਜ਼ਾਰ ‘ਚ ਵੀ ਖਰੀਦਦਾਰੀ ਘੱਟ ਗਈ।

ਉੱਧਰੋਂ ਫਿਰੌਤੀਆਂ ਦਾ ਕੰਮ ਸ਼ੁਰੂ ਹੋ ਗਿਆ। ਉਹ ਪਹਿਲੇ ਟੌਹਰ-ਟੱਪੇ ਦੇ ਹਿਸਾਬ ਪੈਸੇ ਮੰਗ ਰਹੇ, ਪਰ ਇਨ੍ਹਾਂ ਕੋਲ ਬੋਝੇ ‘ਚ ਦੇਣ ਲਈ ਬਹੁਤਾ ਕੁਝ ਬਚਿਆ ਨਹੀਂ।

2 ਮੌਰਗੇਜ ਬਰੋਕਰ ਤੇ ਰਿਐਲਟਰ

ਘਰਾਂ ਦੀ ਮਾਰਕੀਟ ਗਰਮ ਸੀ। ਖਰੀਦਦਾਰ ਬਹੁਤੇ ਸਨ, ਵਿਕਣ ਵਾਲੀ ਜਾਇਦਾਦ ਘੱਟ ਸੀ। ਸਾਰਿਆਂ ਨੇ ਨਹੀਂ ਪਰ ਬਹੁਤਿਆਂ ਨੇ ਮਲਟੀਪਲ ਆਫਰਾਂ ‘ਚ ਇੱਕੀ ਲੱਖ ਵਾਲਾ ਘਰ ਪੱਚੀ ਦਾ ਦਵਾ-ਦਵਾ ਕੇ ਮੋਟੇ ਪੈਸੇ ਬਣਾਏ। ਇਸੇ ਤਰਾਂ ਸਾਰਿਆਂ ਨੇ ਨਹੀਂ ਪਰ ਬਹੁਤੇ ਮੌਰਗੇਜ ਬਰੋਕਰਾਂ ਨੇ ਜਾਅਲੀ ਆਮਦਨ ਦੇ ਕਾਗਜ਼ ਬਣਾ ਬਣਾ ਲੋਕਾਂ ਨੂੰ ਘਰ ਦਿਵਾਏ। ਲੋਕ ਆਪ ਖੁਸ਼ ਹੋ-ਹੋ ਗ਼ਲਤ ਕੰਮ ਕਰਦੇ ਰਹੇ, ਪੈਸੇ ਬਣਦੇ ਸਨ।

ਇੱਕ ਰਿਪੋਰਟ ਮੁਤਾਬਕ ਸਭ ਤੋਂ ਵੱਧ ਜਾਅਲੀ ਕਾਗਜ਼ ਬਰੈਂਪਟਨ ਤੇ ਸਰੀ ਬਣੇ ਹਨ ਤੇ ਸਭ ਤੋਂ ਵੱਧ ਬਣਾਉਣ ਵਾਲੇ ਵੀ ਆਪਣੇ ਲੋਕ ਸਨ। ਹੋਰ ਭਾਈਚਾਰਿਆਂ ਨੇ ਇਹ ਕੰਮ ਬਹੁਤ ਘੱਟ ਕੀਤਾ, ਇਸ ਲਈ ਉਹ ਫਸੇ ਵੀ ਹੁਣ ਘੱਟ ਹਨ।

ਮੌਰਗੇਜ ਬਰੋਕਰਾਂ ਤੇ ਰਿਐਲਟਰਾਂ ਨੇ ਵੀ ਕੀਤੀ ਕਮਾਈ ਨਾਲ ਹੋਰ ਘਰ-ਜਾਇਦਾਦ ਖਰੀਦ ਲਈ। ਬਾਕੀਆਂ ਵਾਂਗ ਹੁਣ ਇਹ ਵੀ ਬਰੋਬਰ ਫਸੇ ਹਨ। ਉੱਪਰੋਂ ਘਰਾਂ ਦੀ ਮਾਰਕੀਟ ਖੜਨ ਨਾਲ ਕੰਮ ਵੀ ਨਹੀਂ ਰਹੇ।

ਉੱਧਰੋਂ ਫਿਰੌਤੀਆਂ ਦਾ ਕੰਮ ਸ਼ੁਰੂ ਹੋ ਗਿਆ। ਉਹ ਪਹਿਲੇ ਟੌਹਰ-ਟੱਪੇ ਦੇ ਹਿਸਾਬ ਪੈਸੇ ਮੰਗ ਰਹੇ, ਪਰ ਇਨ੍ਹਾਂ ਕੋਲ ਬੋਝੇ ‘ਚ ਦੇਣ ਲਈ ਬਹੁਤਾ ਕੁਝ ਬਚਿਆ ਨਹੀਂ।

3 ਟਰੱਕਿੰਗ

ਲੋਡ ਬਹੁਤ ਸਨ, ਡਰਾਇਵਰ ਮਿੱਲ ਨਹੀਂ ਸੀ ਰਹੇ। ਵਰਕ ਪਰਮਿਟ ਮਿਲਣ ਲੱਗੇ। ਸਾਰਿਆਂ ਨੇ ਨਹੀਂ ਪਰ ਬਹੁਤਿਆਂ ਨੇ ਵਰਕ ਪਰਮਿਟ 40-50 ਹਜ਼ਾਰ ਵਿੱਚ ਇੱਕ-ਇੱਕ ਕਰਕੇ ਵੇਚੇ। ਉਸ ਪੈਸੇ ਦੇ ਹੋਰ ਟਰੱਕ ਲਏ। ਹੋਰ ਵਰਕ ਪਰਮਿਟ ਮਿਲੇ, ਉਹ ਵੇਚੇ, ਹੋਰ ਟਰੱਕ ਲਏ। ਦੋ ਟਰੱਕਾਂ ਵਾਲੇ ਦੇ ਵੀਹ ਟਰੱਕ ਚੱਲਣ ਲੱਗੇ। ਪੈਸਾ ਹੀ ਪੈਸਾ ਹੋ ਗਿਆ। ਉਸਨੇ ਹੋਰ ਘਰ ਖਰੀਦ ਲਏ ਜਾਂ ਯਾਰਡ ਜਾਂ ਕਮਰਸ਼ੀਅਲ ਜ਼ਮੀਨ ਖਰੀਦ ਲਈ। ਬਹੁਤੇ ਪੈਸੇ ਪ੍ਰਾਪਰਟੀ ‘ਚ ਪਾ ਦਿੱਤੇ।

ਉੱਧਰੋਂ ਟਰੱਕਿੰਗ ਖੜ੍ਹ ਗਈ, ਉਹੀ ਟਰੱਕਾਂ ਦੀਆਂ ਕਿਸ਼ਤਾਂ ਨਾ ਤੁਰੀਆਂ, ਉੱਧਰੋਂ ਜੋ ਪੈਸਾ ਘਰਾਂ-ਜਾਇਦਾਦ ‘ਚ ਪਾਇਆ ਸੀ ਉਹ ਮਿੱਟੀ ਹੋ ਗਿਆ। ਇਸ ਵੇਲੇ ਬਹੁਤੇ ਦੁਬਾਰਾ ਉੱਥੇ ਆਣ ਖੜ੍ਹੇ, ਜਿੱਥੋਂ ਸ਼ੁਰੂ ਹੋਏ ਸਨ।

ਉੱਧਰੋਂ ਫਿਰੌਤੀਆਂ ਦਾ ਕੰਮ ਸ਼ੁਰੂ ਹੋ ਗਿਆ। ਉਹ ਪਹਿਲੇ ਟੌਹਰ-ਟੱਪੇ ਦੇ ਹਿਸਾਬ ਪੈਸੇ ਮੰਗ ਰਹੇ, ਪਰ ਇਨ੍ਹਾਂ ਕੋਲ ਬੋਝੇ ‘ਚ ਦੇਣ ਲਈ ਬਹੁਤਾ ਕੁਝ ਬਚਿਆ ਨਹੀਂ।

4 ਇੰਮੀਗਰੇਸ਼ਨ ਵਾਲੇ

ਸਾਰਿਆਂ ਨੇ ਨਹੀਂ ਪਰ ਬਹੁਤਿਆਂ ਇਮੀਗਰੇਸ਼ਨ ਸਲਾਹਕਾਰਾਂ ਨੇ ਵਪਾਰਾਂ ਨਾਲ ਰਲ ਕੇ ਵਰਕ ਪਰਮਿਟ ਕਢਵਾਏ ਤੇ ਅੱਧ ਲਿਆ। ਕਾਲਜਾਂ ਨਾਲ ਰਲ ਕੇ ਸਟੂਡੈਂਟਾਂ ਦੀ ਫ਼ੀਸ ਖਾਧੀ, ਮੰਗਵਾਉਣ ਦੇ ਪੈਸੇ ਅੱਡ ਲਏ। ਮਿਲੀਅਨਾਂ ਕਮਾਏ।

ਉਹ ਪੈਸਾ ਫਿਰ ਘਰ-ਜਾਇਦਾਦ ‘ਤੇ ਖਰਚ ਦਿੱਤਾ। ਵੱਡੇ ਘਰ ਲਏ, ਵੱਡੀਆਂ ਪ੍ਰਾਪਰਟੀਆਂ ਖਰੀਦੀਆਂ। ਬਾਕੀਆਂ ਦੇ ਨਾਲ ਨਾਲ ਇਨ੍ਹਾਂ ਦਾ ਸਭ ਕੁਝ ਪ੍ਰਾਪਰਟੀਆਂ ‘ਚ ਰੁੜ ਗਿਆ। ਇਮੀਗਰੇਸ਼ਨ ਲਗਭਗ ਬੰਦ ਹੋ ਗਈ। ਕੰਮ ਬੱਸ ਗੁਜ਼ਾਰੇ ਜੋਗਾ ਚੱਲਦਾ।

ਉੱਧਰੋਂ ਫਿਰੌਤੀਆਂ ਦਾ ਕੰਮ ਸ਼ੁਰੂ ਹੋ ਗਿਆ। ਉਹ ਪਹਿਲੇ ਟੌਹਰ-ਟੱਪੇ ਦੇ ਹਿਸਾਬ ਪੈਸੇ ਮੰਗ ਰਹੇ, ਪਰ ਇਨ੍ਹਾਂ ਕੋਲ ਬੋਝੇ ‘ਚ ਦੇਣ ਲਈ ਬਹੁਤਾ ਕੁਝ ਬਚਿਆ ਨਹੀਂ।

5 ਰੈਸਟੋਰੈਂਟਾਂ ਵਾਲੇ

ਜਿੱਥੇ ਕਦੇ ਖੁੱਲ੍ਹ ਵੀ ਨਹੀਂ ਸੀ ਸਕਦਾ, ਉੱਥੇ ਵੀ ਰੈਸਟੋਰੈਂਟ ਖੋਲ੍ਹ ਦਿੱਤਾ। ਸਟੂਡੈਂਟ, ਵਰਕ ਪਰਮਿਟ ਵਾਲੇ ਤੇ ਹੋਰ ਲੋਕ ਬਾਹਰੋਂ ਖਾਂਦੇ। ਪੈਸਾ ਬਣਦਾ ਸੀ, ਲੋਕ ਖ਼ਰਚਦੇ ਸਨ। ਇਨ੍ਹਾਂ ਨੇ ਵੀ ਅਥਾਹ ਵਰਕ ਪਰਮਿਟ ਵੇਚੇ ਤੇ ਨੋਟ ਕਮਾਏ।

ਬਹੁਤਾ ਪੈਸਾ ਘਰ-ਜਾਇਦਾਦ ‘ਚ ਖਰਚ ਦਿੱਤਾ। ਬਾਕੀਆਂ ਵਾਂਗ ਇਹ ਵੀ ਫਸੇ ਬੈਠੇ ਹਨ। ਪੈਸਾ ਹੁਣ ਬਣ ਨੀ ਰਿਹਾ। ਕਿਸ਼ਤਾਂ ਹਰ ਮਹੀਨੇ ਆ ਰਹੀਆਂ ਹਨ।

ਉੱਧਰੋਂ ਫਿਰੌਤੀਆਂ ਦਾ ਕੰਮ ਸ਼ੁਰੂ ਹੋ ਗਿਆ। ਉਹ ਪਹਿਲੇ ਟੌਹਰ-ਟੱਪੇ ਦੇ ਹਿਸਾਬ ਪੈਸੇ ਮੰਗ ਰਹੇ, ਪਰ ਇਨ੍ਹਾਂ ਕੋਲ ਬੋਝੇ ‘ਚ ਦੇਣ ਲਈ ਬਹੁਤਾ ਕੁਝ ਬਚਿਆ ਨਹੀਂ।


ਇਹ ਹਨ ਕੈਨੇਡਾ ਦੇ, ਖ਼ਾਸਕਰ ਗਰੇਟਰ ਵੈਨਕੂਵਰ ਅਤੇ ਗਰੇਟਰ ਟਰਾਂਟੋ ਦੇ ਤਾਜ਼ਾ ਹਾਲਾਤ ਅਤੇ ਇਸ ਪਿਛਲੇ ਕਾਰਨਾਂ ‘ਤੇ ਮੋਟੀ-ਮੋਟੀ ਝਾਤ।

ਇਨ੍ਹਾਂ ਕਿੱਤਿਆਂ ਤੋਂ ਇਲਾਵਾ ਬਹੁਤ ਸਾਰੇ ਲੋਕ ਸਰਕਾਰੀ ਤੇ ਗੈਰਸਰਕਾਰੀ ਕੰਮਾਂ ‘ਤੇ ਮੁਲਾਜ਼ਮ ਹਨ, ਟੈਕਸੀ ਚਲਾਉਂਦੇ ਹਨ, ਰੇਲਵੇ-ਬੱਸ ਸਰਵਿਸ ‘ਚ ਕੰਮ ਕਰਦੇ ਹਨ, ਪੁਲਿਸ ‘ਚ ਹਨ, ਸਰਵਿਸ ਇੰਡਸਟਰੀ ਵਿੱਚ ਕੰਮ ਕਰਦੇ ਹਨ, ਘਰ-ਜਾਇਦਾਦ ਵਿੱਚ ਉਨ੍ਹਾਂ ‘ਚੋਂ ਵੀ ਬਹੁਤਿਆਂ ਨੇ ਹੱਥ ਧੋਤੇ ਸਨ, ਹੁਣ ਨਾਲ ਹੀ ਉਹ ਵੀ ਫਸੇ ਹੋਏ ਹਨ। ਹਾਂ, ਹਾਲ ਦੀ ਘੜੀ ਫਿਰੌਤੀ ਵਾਲਿਆਂ ਤੋਂ ਬਚੇ ਹੋਏ ਹਨ।



Archive

RECENT STORIES

ਦਾ ਸਹੋਤਾ ਸ਼ੋਅ 26 ਜਨਵਰੀ 2026

Posted on January 26th, 2026

ਦਾ ਸਹੋਤਾ ਸ਼ੋਅ 23 ਜਨਵਰੀ 2026

Posted on January 23rd, 2026

ਬਾਹਰਲੇ ਮੁਲਕਾਂ 'ਚ ਰਹਿੰਦੇ 61 ਲੋੜੀਂਦੇ ਗੈਂਗਸਟਰਾਂ ਦੀ ਸੂਚੀ

Posted on January 23rd, 2026

ਦਾ ਸਹੋਤਾ ਸ਼ੋਅ 22 ਜਨਵਰੀ 2026

Posted on January 22nd, 2026

ਦਾ ਸਹੋਤਾ ਸ਼ੋਅ 21 ਜਨਵਰੀ 2026

Posted on January 21st, 2026

ਦਾ ਸਹੋਤਾ ਸ਼ੋਅ 20 ਜਨਵਰੀ 2026

Posted on January 20th, 2026

ਦਾ ਸਹੋਤਾ ਸ਼ੋਅ 19 ਜਨਵਰੀ 2026

Posted on January 19th, 2026

ਗਰੇਟਰ ਵੈਨਕੂਵਰ ਤੇ ਗਰੇਟਰ ਟਰਾਂਟੋ ਦੇ ਪੰਜਾਬੀ ਕਿਵੇਂ ਰਗੜੇ ਗਏ

Posted on January 17th, 2026

ਦਾ ਸਹੋਤਾ ਸ਼ੋਅ 16 ਜਨਵਰੀ 2026

Posted on January 16th, 2026

ਦਾ ਸਹੋਤਾ ਸ਼ੋਅ 15 ਜਨਵਰੀ 2026

Posted on January 15th, 2026

ਦਾ ਸਹੋਤਾ ਸ਼ੋਅ 14 ਜਨਵਰੀ 2026

Posted on January 14th, 2026

ਦਾ ਸਹੋਤਾ ਸ਼ੋਅ 13 ਜਨਵਰੀ 2026

Posted on January 13th, 2026